ਐੱਨਆਰਆਈ ਕਤਲ ਮਾਮਲਾ: ਪੁਲੀਸ ਵੱਲੋਂ ਮ੍ਰਿਤਕ ਮਹਿਲਾ ਦੇ ਅੱਧਸੜੇ ਅੰਗ ਡਰੇਨ ’ਚੋਂ ਬਰਾਮਦ
ਅਮਰੀਕਾ ਰਹਿੰਦੀ NRI ਰੁਪਿੰਦਰ ਕੌਰ ਪੰਧੇਰ ਦੇ ਕਤਲ ਦੀ ਮੁੱਢਲੀ ਜਾਂਚ ਦੌਰਾਨ ਕਈ ਸਨਸਨੀਖੇਜ਼ ਤੇ ਸ਼ਰਮਨਾਕ ਖੁਲਾਸੇ ਹੋਏ ਹਨ। ਮੁੱਖ ਮੁਲਜ਼ਮ ਸੁਖਜੀਤ ਸਿੰਘ ਸੋਨੂੰ ਨੇ ਮੰਨਿਆ ਹੈ ਕਿ ਰੁਪਿੰਦਰ ਕੌਰ ਦਾ ਕਤਲ ਉਸ ਨੇ 12 ਤੇ 13 ਜੁਲਾਈ ਦੀ ਦਰਮਿਆਨੀ ਰਾਤ ਨੂੰ ਕੀਤਾ ਸੀ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਵਾਰ ਵਾਰ ਡੀਜ਼ਲ ਪਾ ਕੇ ਅੱਗ ਲਾਉਂਦਾ ਰਿਹਾ। ਜਦੋਂ ਲਾਸ਼ ਪੂਰੀ ਤਰ੍ਹਾਂ ਨਾਲ ਨਾ ਸੜੀ ਤਾਂ ਫੇਰ ਪਾਣੀ ਪਾ ਪਾ ਕੇ ਅੱਧ ਸੜੇ ਹਿੱਸਿਆਂ ਨੂੰ ਪਹਿਲਾਂ ਠੰਡਾ ਕੀਤਾ ਤਾਂ ਕਿ ਸਵੇਰ ਹੋਣ ਤੋਂ ਪਹਿਲਾਂ ਲਹਿਰਾ ਪਿੰਡ ਕੋਲ ਡਰੇਨ ਵਿੱਚ ਸੁੱਟ ਆਵੇ। ਇਸ ਕੰਮ ਲਈ ਉਸ ਨੇ ਥੈਲਿਆਂ ਦੀ ਵਰਤੋਂ ਕੀਤੀ ਤੇ 13 ਜੁਲਾਈ ਨੂੰ ਤੜਕਸਾਰ ਲਾਸ਼ ਦੇ ਹਿੱਸੇ ਡਰੇਨ ਵਿੱਚ ਸੁੱਟ ਦਿੱਤੇ। ਇਨ੍ਹਾਂ ਵਿੱਚੋਂ ਕੁਝ ਹਿੱਸੇ ਹੱਡੀਆਂ ਆਦਿ ਏਸੀਪੀ ਹਰਜਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਮਗਰੋਂ ਡੇਹਲੋਂ ਪੁਲੀਸ ਨੇ ਬਰਾਮਦ ਕੀਤੇ।
ਇਹ ਵੀ ਪੜ੍ਹੋ: ਹੋਣ ਵਾਲੇ ਪਤੀ ਨੇ ਹੀ ਰਚੀ ਸੀ 72 ਸਾਲਾ ਮਹਿਲਾ ਦੇ ਕਤਲ ਦੀ ਸਾਜ਼ਿਸ਼
ਜਿਹੜੀ ਸੁਪਾਰੀ ਦੀ ਰਕਮ ਚਰਨਜੀਤ ਸਿੰਘ ਗਰੇਵਾਲ ਨੇ ਦੇਣ ਦਾ ਵਾਅਦਾ ਕੀਤਾ ਸੀ ਉਸ ਦਾ ਇਕ ਵੱਡਾ ਹਿੱਸਾ ਕਰੀਬ 35 ਲੱਖ ਰੁਪਏ ਰੁਪਿੰਦਰ ਕੌਰ ਪੰਧੇਰ ਦੇ ਖਾਤੇ ਵਿੱਚੋਂ ਮੁਲਜ਼ਮ ਅਤੇ ਉਸਦੇ ਭਰਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸਨ। ਐੱਨਆਰਆਈ ਰੁਪਿੰਦਰ ਕੌਰ ਨੇ ਆਪਣੀ ਲੁਧਿਆਣਾ ਸਥਿਤ ਜਾਇਦਾਦ ਦੇ ਕੇਸਾਂ ਦੇ ਸਬੰਧ ਵਿੱਚ ਪਾਵਰ ਆਫ਼ ਅਟਾਰਨੀ ਵੀ ਸੁਖਜੀਤ ਸਿੰਘ ਨੂੰ ਦਿੱਤੀ ਹੋਈ ਸੀ।
ਇਸ ਘਿਨਾਉਣੇ ਕਤਲ ਸਬੰਧੀ ਟ੍ਰਿਬਿਊਨ ਵਿੱਚ ਛਪੀਆਂ ਖ਼ਬਰਾਂ ਪੜ੍ਹਨ ਤੋਂ ਬਾਅਦ ਕੁਝ ਰਸੂਖਦਾਰ ਵਿਅਕਤੀਆਂ ਨੇ ਪੁਲੀਸ ਨੂੰ ਦੱਸਿਆ ਹੈ ਕਿ ਰੁਪਿੰਦਰ ਕੌਰ ਨੇ ਉਨ੍ਹਾਂ ਕੋਲ ਖਦਸ਼ਾ ਜਤਾਇਆ ਸੀ ਕਿ ਸੁਖਜੀਤ ਸਿੰਘ ਉਸ ਨੂੰ ਕਤਲ ਕਰਨਾ ਚਾਹੁੰਦਾ ਹੈ।
ਇਸ ਦਰਮਿਆਨ ਇਹ ਵੀ ਪਤਾ ਲੱਗਾ ਹੈ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਪੰਧੇਰ ਵੱਲੋਂ ਸ਼ਾਦੀ ਡਾਟ ਕਾਮ ’ਤੇ ਦਿੱਤੇ ਇਸ਼ਤਿਹਾਰ ਨੂੰ ਪੜ੍ਹ ਕੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ ਸੀ। ਭਾਵੇਂ ਵਿਆਹ ਦੀ ਰਸਮ ਲਈ ਰੁਪਿੰਦਰ ਕੌਰ ਨੂੰ ਜੂਨ ਮਹੀਨੇ ਵਿੱਚ ਕਿਲਾ ਰਾਏਪੁਰ ਆਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਰੁਪਿੰਦਰ ਤੇ ਚਰਨਜੀਤ ਇਕੱਠੇ ਕਈ ਥਾਈਂ ਘੁੰਮਦੇ ਰਹੇ ਹਨ। ਇਹ ਵੀ ਕੁਦਰਤ ਦਾ ਕ੍ਰਿਸ਼ਮਾ ਹੈ ਕਿ ਰੁਪਿੰਦਰ ਕੌਰ ਦਾ ਕਤਲ ਉਸ ਦੇ ਆਪਣੇ ਪੇਕੇ ਪਿੰਡ ਬੁਟਾਹਰੀ ਤੋਂ ਕੁਝ ਕਿਲੋਮੀਟਰ ਸਥਿਤ ਕਿਲਾ ਰਾਏਪੁਰ ਵਿਖੇ ਹੋਇਆ ਅਤੇ ਉਸ ਨੂੰ ਬੁਟਾਹਰੀ ਪਿੰਡ ਨਾਲ ਆਪਣੇ ਰਿਸ਼ਤੇ ਬਾਰੇ ਨਹੀਂ ਪਤਾ ਸੀ।
ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਵਿੱਚ 18 ਅਗਸਤ ਨੂੰ ਮੱਲਾ ਪੱਤੀ ਕਿਲਾ ਰਾਏਪੁਰ ਵਾਸੀ ਸੁਖਜੀਤ ਸਿੰਘ ਸੋਨੂੰ ਵੱਲੋਂ ਰੁਪਿੰਦਰ ਕੌਰ ਪੰਧੇਰ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਲਿਖਵਾਈ ਗਈ ਸੀ। ਏਸੀਪੀ ਹਰਜਿੰਦਰ ਸਿੰਘ ਗਿੱਲ ਅਨੁਸਾਰ ਇਸ ਸ਼ਿਕਾਇਤ ਦੀ ਤਫ਼ਤੀਸ਼ ਦੇ ਚੱਲਦਿਆਂ ਐੱਸਐੱਚਓ ਸੁਖਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਤਕਨੀਕੀ ਜਾਂਚ ਦੌਰਾਨ ਸ਼ਿਕਾਇਤਕਰਤਾ ਹੀ ਮੁੱਖ ਮੁਲਜ਼ਮ ਨਿਕਲਿਆ ਜਿਸ ਨੇ ਬਾਅਦ ਵਿੱਚ ਕਬੂਲਿਆ ਕਿ ਉਸ ਨੇ ਇਹ ਕਤਲ ਮਹਿਮਾ ਸਿੰਘ ਵਾਲੇ ਤੋਂ ਇੰਗਲੈਂਡ ਰਹਿੰਦੇ ਐੱਨਆਰਆਈ ਚਰਨਜੀਤ ਸਿੰਘ ਦੇ ਕਹਿਣ ’ਤੇ ਕੀਤਾ ਸੀ ਜਿਸ ਲਈ ਉਸ ਨੂੰ ਪੰਜਾਹ ਲੱਖ ਰੁਪਏ ਨਕਦ ਅਦਾ ਕੀਤੇ ਜਾਣੇ ਸਨ।
ਮ੍ਰਿਤਕ ਦੀ ਭੈਣ ਕਮਲ ਕੌਰ ਖਹਿਰਾ ਨੇ ਰੁਪਿੰਦਰ ਦਾ ਫੋਨ ਬੰਦ ਮਿਲਣ ਤੋਂ ਚਾਰ ਦਿਨ ਬਾਅਦ 28 ਜੁਲਾਈ ਨੂੰ ਭਾਰਤ ਵਿੱਚ ਅਮਰੀਕੀ ਦੂਤਾਵਾਸ ਤੋਂ ਦਖਲ ਦੀ ਮੰਗ ਕੀਤੀ ਸੀ। ਕਮਲ ਕੌਰ ਖਹਿਰਾ ਨੇ ਦੱਸਿਆ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਪੰਧੇਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਕਿਲਾ ਰਾਏਪੁਰ ਪਹੁੰਚਣ ਲਈ ਕਿਹਾ ਸੀ।