ਐੱਨਪੀਐੱਸ ਕਰਮਚਾਰੀ ਅਧਿਆਪਕ ਦਿਵਸ ’ਤੇ ਕਰਨਗੇ ਭੁੱਖ ਹੜਤਾਲ
ਕੁਲਦੀਪ ਸਿੰਘ
ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ ’ਤੇ ਪੰਜ ਸਤੰਬਰ ਨੂੰ ਅਧਿਆਪਕ ਦਿਵਸ ’ਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਅਤੇ ਸੀਪੀਐੱਫ ਕਰਮਚਾਰੀ ਯੂਨੀਅਨ ਸਾਂਝੇ ਤੌਰ ’ਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਪੁਰਾਣੀ ਪੈਨਸ਼ਨ ਦੀ ਮੰਗ ਲਈ ਇੱਕ ਰੋਜ਼ਾ ਭੁੱਖ ਹੜਤਾਲ ਕਰਨਗੇ। ਜੇ ਮੰਗ ਨਾ ਮੰਨੀ ਗਈ ਤਾਂ ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਧਿਆਪਕ ਦਿਵਸ ’ਤੇ ਅਧਿਆਪਕਾਂ ਦੇ ਮਾਣ-ਸਨਮਾਨ ਦੇ ਫੋਕੇ ਦਾਅਵੇ ਕਰਦੀਆਂ ਹਨ ਪਰ ਅਧਿਆਪਕਾਂ ਦਾ ਮਾਣ-ਸਨਮਾਨ ਸਮਾਜਿਕ ਸੁਰੱਖਿਆ ਵਿੱਚ ਹੈ ਜੋ ਰਾਜ ਅਤੇ ਕੇਂਦਰ ਸਰਕਾਰ ਦੋਵੇਂ ਦੇਣ ਤੋਂ ਮੁਨਕਰ ਹਨ। ਰਾਜ ਸਰਕਾਰ ਨੇ ਆਪਣਾ ਤਿੰਨ ਸਾਲ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਕੇ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀ ਦਿੱਤੀ ਗਾਰੰਟੀ ਬਾਰੇ ਕੀਤੇ ਵਾਅਦੇ ਤੋਂ ਮੂੰਹ ਫੇਰ ਲਿਆ ਹੈ। ਦੂਜੇ ਪਾਸੇ, ਕੇਂਦਰ ਸਰਕਾਰ ਕਰਮਚਾਰੀਆਂ ’ਤੇ ਯੂਪੀਐੱਸ ਥੋਪ ਕੇ ਉਨ੍ਹਾਂ ਦੀ ਜਮ੍ਹਾਂ ਪੂੰਜੀ ਹੀ ਪੈਨਸ਼ਨ ਦੇ ਰੂਪ ਵਿੱਚ ਪਰੋਸ ਕੇ ਕਾਰਪੋਰੇਟ ਦੀ ਸੇਵਾ ਕਰ ਰਹੀ ਹੈ। ਸੂਬਾਈ ਆਗੂ ਜਰਨੈਲ ਸਿੰਘ ਪੱਟੀ, ਰਣਬੀਰ ਸਿੰਘ ਉੱਪਲ਼, ਅਜੀਤਪਾਲ ਸਿੰਘ ਜੱਸੋਵਾਲ, ਲਖਵਿੰਦਰ ਸਿੰਘ ਭੌਰ ਆਦਿ ਨੇ ਕਿਹਾ ਕਿ ਅਧਿਆਪਕ ਦਿਵਸ ’ਤੇ ਪੂਰੇ ਦੇਸ਼ ਵਿੱਚ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਅਧਿਆਪਕ ਅਤੇ ਕਰਮਚਾਰੀ ਭੁੱਖ ਹੜਤਾਲ ਕਰਨਗੇ। ਸਰਕਾਰਾਂ ਨੂੰ ਸਪੱਸ਼ਟ ਸੰਦੇਸ਼ ਦੇਣਗੇ ਕਿ ਬੁਢੇਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾਂ ਸਮਾਜਿਕ ਸੁਰੱਖਿਆ ਸੰਭਵ ਨਹੀਂ ਹੈ।