ਮੀਂਹ ਦੇ ਪਾਣੀ ’ਚ ਫਸੇ ਅਧਿਆਪਕਾਂ ਦੀ ਕਿਸੇ ਨਾ ਲਈ ਸਾਰ
ਨਸ਼ਿਅਾਂ ਵਿਰੁੱਧ ਕਰਵਾਏ ਸੂਬਾ ਪੱਧਰੀ ਸਮਾਗਮ ’ਚ ਸ਼ਿਰਕਤ ਕਰਨ ਲਈ ਫਾਜ਼ਿਲਕਾ ਪੁੱਜੇ ਸਨ ਅਧਿਆਪਕ
Advertisement
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸਕੂਲਾਂ ’ਚ ਨਸ਼ਾ ਰੋਕਥਾਮ ਪਾਠਕ੍ਰਮ ਦੀ ਰਸਮੀ ਸ਼ੁਰੂਆਤ ਮੌਕੇ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਿੱਚ ਕਰਵਾਏ ਸੂਬਾ ਪੱਧਰੀ ਸਮਾਗਮ ’ਚ ਪੁੱਜੇ ਅਧਿਆਪਕਾਂ ਦੀਆਂ ਬੱਸਾਂ ਮੀਂਹ ਦੇ ਪਾਣੀ ਵਿੱਚ ਫਸ ਗਈਆਂ। ਵਰ੍ਹਦੇ ਮੀਂਹ ਦੌਰਾਨ ਪਾਣੀ ’ਚ ਫਸੇ ਅਧਿਆਪਕਾਂ ਨੂੰ ਕਿਸੇ ਵੀ ਅਧਿਕਾਰੀ ਵੱਲੋਂ ਮਦਦ ਨਾ ਮਿਲਣ ’ਤੇ ਉਹ ਕਾਫੀ ਨਿਰਾਸ਼ ਨਜ਼ਰ ਆਏ। ਦੱਸਣਯੋਗ ਹੈ ਕਿ ਸੈਂਕੜੇ ਦੀ ਗਿਣਤੀ ’ਚ ਇੱਥੇ ਪੁੱਜੇ ਅਧਿਆਪਕ ਤਕਰੀਬਨ ਸ਼ਾਮ ਤੱਕ ਖੱਜਲ-ਖੁਆਰ ਹੁੰਦੇ ਰਹੇ। ਮੁੱਖ ਮੰਤਰੀ ਦਾ ਸਮਾਗਮ ਖਤਮ ਹੋਣ ਤੋਂ ਤੁਰੰਤ ਬਾਅਦ ਮੀਂਹ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਸੜਕਾਂ ਜਲ-ਥਲ ਹੋ ਗਈਆਂ। ਇਸ ਮੌਕੇ ਸਰਕਾਰੀ ਬੱਸਾਂ ’ਤੇ ਆਏ ਅਧਿਆਪਕ ਮੀਂਹ ਵਿੱਚ ਭਿੱਜਦੇ ਰਹੇ ਅਤੇ ਬੱਸਾਂ ਪਾਣੀ ਵਿੱਚ ਫਸ ਗਈਆਂ। ਮੀਂਹ ਵਿੱਚ ਘਿਰੇ ਅਧਿਆਪਕ ਪਾਣੀ ’ਚ ਫਸੀਆਂ ਬੱਸਾਂ ਕਢਵਾਉਣ ਲਈ ਆਪਣੇ ਅਧਿਕਾਰੀਆਂ ਨੂੰ ਫੋਨ ਕਰਦੇ ਰਹੇ ਪਰ ਅਧਿਆਪਕਾਂ ਨੂੰ ਕਿਸੇ ਪਾਸਿਓਂ ਮਦਦ ਨਾ ਮਿਲੀ। ਮੁਸੀਬਤ ਵਿੱਚ ਫਸੇ ਅਧਿਆਪਕ ਅਸ਼ੋਕ ਕੁਮਾਰ, ਰੇਸ਼ਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਸਮਾਗਮ ਵਿੱਚ ਪਹੁੰਚੇ ਹੋਏ ਸਨ ਅਤੇ ਭਾਰੀ ਮੀਂਹ ਪੈਣ ਕਾਰਨ ਉਨ੍ਹਾਂ ਦੀਆਂ 15 ਦੇ ਕਰੀਬ ਸਰਕਾਰੀ ਬੱਸਾਂ ਅਤੇ 25-30 ਦੇ ਕਰੀਬ ਗੱਡੀਆਂ ਪਾਣੀ ’ਚ ਫਸ ਗਈਆਂ ਸਨ ਪਰ ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਆਇਆ। ਸ਼ਾਮ ਨੂੰ ਕਿਸਾਨਾਂ ਦੀ ਮਦਦ ਮਿਲਣ ਮਗਰੋਂ ਹੀ ਅਧਿਆਪਕਾਂ ਦੀਆਂ ਬੱਸਾਂ ਪਾਣੀ ’ਚੋਂ ਕੱਢੀਆਂ ਜਾ ਸਕੀਆਂ ਤੇ ਅਧਿਆਪਕਾਂ ਨੂੰ ਆਪਣੇ ਘਰੋਂ-ਘਰੀਂ ਤੋਰਿਆ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਅਜੈ ਕੁਮਾਰ ਸ਼ਰਮਾ ਨੇ ਫੋਨ ’ਤੇ ਦੱਸਿਆ ਕਿ ਅਧਿਆਪਕਾਂ ਦੀਆਂ ਸਾਰੀਆਂ ਬੱਸਾਂ ਕੱਢ ਲਈਆਂ ਗਈਆਂ ਸਨ।
ਇਸੇ ਤਰ੍ਹਾਂ ਐੱਸਡੀਐੱਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਸ਼ਾਮ 7 ਵਜੇ ਦੇ ਕਰੀਬ ਸਾਰੀਆਂ ਬੱਸਾਂ ਨੂੰ ਪਾਣੀ ’ਚੋਂ ਕੱਢ ਲਿਆ ਗਿਆ ਸੀ। ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਸੁਰਿੰਦਰ ਕੰਬੋਜ, ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੇ ਸੂਬਾਈ ਆਗੂ ਮੇਜਰ ਸਿੰਘ, ਕਪਿਲ ਕਪੂਰ ਅਤੇ ਗੁਰਨਾਮ ਚੰਦ ਨੇ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ। ਦੱਸਣਯੋਗ ਹੈ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਛੇ ਜ਼ਿਲ੍ਹਿਆਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਮੋਗਾ ਤੇ ਬਠਿੰਡਾ ਵਿੱਚੋਂ ਚਾਰ ਹਜ਼ਾਰ ਦੇ ਕਰੀਬ ਅਧਿਆਪਕ ਪਹੁੰਚੇ ਹੋਏ ਸਨ। ਇਹ ਸਮਾਗਮ ਦੋ ਵਜੇ ਖਤਮ ਹੋ ਗਿਆ ਸੀ।
Advertisement
ਕੈਪਸ਼ਨ: ਸੜਕ ’ਤੇ ਭਰੇ ਮੀਂਹ ਦੇ ਪਾਣੀ ’ਚ ਫਸੀ ਹੋਈ ਅਧਿਆਪਕਾਂ ਦੀ ਬੱਸ।
Advertisement