ਨਾਭਾ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼
ਮੋਹਿਤ ਸਿੰਗਲਾ
ਅੱਜ ਨਾਭਾ ਨਗਰ ਕੌਂਸਲ ਦੇ 23 ਵਿੱਚੋਂ 18 ਕੌਂਸਲਰਾਂ ਵੱਲੋਂ ਪ੍ਰਧਾਨ ਸੁਜਾਤਾ ਚਾਵਲਾ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਹਾਲਾਂਕਿ ਇਹ ਮਤਾ ਲਿਆਉਣ ਲਈ ਅਕਾਲੀ ਦਲ ਅਤੇ ਕੁਝ ਆਮ ਆਦਮੀ ਪਾਰਟੀ ਦੇ ਕੌਂਸਲਰ ਪਹਿਲਾਂ ਤੋਂ ਹੀ ਯਤਨਸ਼ੀਲ ਸੀ ਪਰ ‘ਆਪ’ ਆਗੂ ਕੌਂਸਲ ਪ੍ਰਧਾਨ ਨੂੰ ਕਾਂਗਰਸੀ ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ। ਪਿਛਲੇ ਦਿਨਾਂ ਵਿੱਚ ਪ੍ਰਧਾਨ ਦੇ ਪਤੀ ਪੰਕਜ ਪੱਪੂ ’ਤੇ ਸ਼ੰਭੂ ਮੋਰਚੇ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦੇ ਦੋਸ਼ ਲੱਗਣ ਕਾਰਨ ਕਾਂਗਰਸੀ ਕੌਂਸਲਰਾਂ ਨੇ ਵੀ ਮਤੇ ’ਤੇ ਹਸਤਾਖਰ ਕਰ ਦਿੱਤੇ। ਇਸ ਮਤੇ ਵਿੱਚ 6 ਵਿੱਚੋਂ 4 ‘ਆਪ’ ਕੌਂਸਲਰਾਂ ਨੇ ਵੀ ਹਸਤਾਖਰ ਕੀਤੇ।
ਨਿਯਮਾਂ ਮੁਤਾਬਕ ਹੁਣ ਕੌਂਸਲ ਦੇ ਕਾਰਜਸਾਧਕ ਅਫਸਰ ਕੌਂਸਲ ਪ੍ਰਧਾਨ ਨੂੰ ਮੀਟਿੰਗ ਬੁਲਾਉਣ ਲਈ ਦੋ ਹਫਤੇ ਦਾ ਸਮਾਂ ਦੇਣਗੇ। ਜੇ ਪ੍ਰਧਾਨ ਮੀਟਿੰਗ ਨਹੀਂ ਬੁਲਾਉਂਦੇ ਤਾਂ ਵਿਰੋਧੀ ਧਿਰ ਮੀਟਿੰਗ ਬੁਲਾ ਸਕੇਗੀ ਤੇ ਦੋਵੇਂ ਧਿਰਾਂ ਨੂੰ ਮੌਕਾ ਦਿੱਤਾ ਜਾਵੇਗਾ। ਕਾਂਗਰਸ ਕੌਂਸਲਰ ਰੇਣੂ ਸੇਠ ਅਤੇ ਉਨ੍ਹਾਂ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਹਰੀ ਸੇਠ ਨੇ ਦੱਸਿਆ ਕਿ ਕਿਸਾਨਾਂ ਦੇ ਸਮਰਥਨ ਵਿੱਚ ਛੇ ਕਾਂਗਰਸੀ ਕੌਂਸਲਰਾਂ ਨੇ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਦਾ ਫੈਸਲਾ ਲਿਆ। ਉਧਰ ‘ਆਪ’ ਕੌਂਸਲਰ ਰੋਜ਼ੀ ਨਾਗਪਾਲ ਨੇ ਦੱਸਿਆ ਕਿ ਸਾਡੇ ਵਾਰਡ ਵਿੱਚ ਮਸ਼ਹੂਰ ਪੱਥਰਾਂ ਵਾਲੀ ਸੜਕ 45 ਫੁਟੀ ਪਾਸ ਹੋਈ ਸੀ ਪਰ ਬਣੀ 25 ਫੁਟੀ। ਜਦੋਂ ਇਤਰਾਜ਼ ਉਠਾਇਆ ਤਾਂ ਵਾਰਡ ਦੇ ਸਫਾਈ ਤੱਕ ਦੇ ਕੰਮ ਰੋਕੇ ਗਏ। ਅਕਾਲੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਦਾ ਪਤੀ ਪੰਕਜ ਹੀ ਕੌਂਸਲ ਦਾ ਮਾਲਕ ਬਣੀਂ ਬੈਠਾ ਹੈ। ਅਕਾਲੀ ਕੌਂਸਲਰ ਗੁਰਸੇਵਕ ਸਿੰਘ ਅਤੇ ‘ਆਪ’ ਕੌਂਸਲਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਾ ਤਾਂ ਹਾਊਸ ਦੀ ਮੀਟਿੰਗ ਹੁੰਦੀ ਹੈ ਤੇ ਨਾ ਕੋਈ ਚਰਚਾ ਹੁੰਦੀ ਹੈ ਜਿਸ ਕਾਰਨ ਕਈ ਕੌਂਸਲਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਹੀ ਨਹੀਂ ਮਿਲਦਾ। ਇਸ ਮੌਕੇ ਪ੍ਰਧਾਨ ਸੁਜਾਤਾ ਚਾਵਲਾ ਨਾਲ ਸੰਪਰਕ ਨਾ ਹੋ ਸਕਿਆ ਤੇ ਵਿਧਾਇਕ ਦੇਵ ਮਾਨ ਵੀ ਵਿਦੇਸ਼ ਗਏ ਹੋਏ ਹਨ।