ਨਿਹੰਗ ਸਿੰਘਾਂ ਨੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹੱਲਾ ਸਜਾਇਆ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁਰਾਤਨ ਰਵਾਇਤ ਮੁਤਾਬਕ ਮਹੱਲਾ ਸਜਾਇਆ ਗਿਆ। ਸਮਾਗਮ ਦੀ ਅਗਵਾਈ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੀਤੀ।
ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਗੁਰਬਾਣੀ ਕੀਰਤਨ ਅਤੇ ਧਾਰਮਿਕ ਪ੍ਰਚਾਰਕਾਂ ਵੱਲੋਂ ਸਿੱਖ ਇਤਿਹਾਸ ਬਾਰੇ ਰੂਹਾਨੀ ਵਿਆਖਿਆ ਹੋਈ। ਭੋਗ ਸਮਾਗਮ ਦੌਰਾਨ ਪੁੱਜੀਆਂ ਧਾਰਮਿਕ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਮਹੱਲੇ ਦੀ ਸ਼ੁਰੂਆਤ ਛਾਉਣੀ ਤੋਂ ਹੋਈ, ਜੋ ਨਵੀਂ ਆਬਾਦੀ, ਤਖ਼ਤ ਕੇਸਗੜ੍ਹ ਸਾਹਿਬ, ਗੁਰਦੁਆਰਾ ਭੋਰਾ ਸਾਹਿਬ ਰਾਹੀਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੰਪੂਰਨ ਹੋਈ। ਇਸ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ, ਬਾਬਾ ਅਵਤਾਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਨਾਗਰ ਸਿੰਘ ਅਤੇ ਹੋਰ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਸਮੇਤ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਸ਼ਾਮਲ ਹੋਈਆਂ। ਮਹੱਲੇ ਵਿੱਚ ਬੁੱਢਾ ਦਲ ਦੇ ਸ਼ਿੰਗਾਰੇ ਹਾਥੀਆਂ, ਊਠਾਂ, ਨੱਚਦੇ ਘੋੜਿਆਂ, ਬੈਂਡ ਵਾਜਿਆਂ ਅਤੇ ਵਿਸ਼ੇਸ਼ ਬੱਘੀਆਂ ਨੇ ਸੰਗਤਾਂ ਦਾ ਧਿਆਨ ਖਿੱਚਿਆ। ਸਿੰਘਾਂ ਨੇ ਨੀਲੇ ਤੇ ਕੇਸਰੀ ਬਾਣਿਆਂ, ਦੁਮਾਲਿਆਂ, ਚੱਕਰ, ਖੰਡੇ, ਨੇਜੇ ਅਤੇ ਢਾਲਾਂ ਨਾਲ ਤਿਆਰ ਬਰ ਤਿਆਰ ਜੰਗੀ ਰੂਪ ਪ੍ਰਦਰਸ਼ਿਤ ਕੀਤਾ। ਰਸਤੇ ਵਿੱਚ ਸੰਗਤਾਂ ਵੱਲੋਂ ਜਲ ਅਤੇ ਫਲਾਂ ਦੇ ਲੰਗਰ ਲਗਾਏ ਗਏ। ਨਿਹੰਗ ਸਿੰਘਾਂ ਨੇ ਘੋੜ ਸਵਾਰੀ ਤੇ ਨੇਜ਼ੇਬਾਜ਼ੀ ਦੇ ਜੌਹਰ ਦਿਖਾਏ।
ਸੀਸ ਮਾਰਗ ਨਗਰ ਕੀਰਤਨ ਅੰਬਾਲਾ ਪਹੁੰਚਿਆ
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਨੌਵੇਂ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸੀਸ ਮਾਰਗ ਨਗਰ ਕੀਰਤਨ’ ਅੱਜ ਕੁਰੂਕਸ਼ੇਤਰ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਕੇ ਅੰਬਾਲਾ ਪਹੁੰਚ ਗਿਆ। ਨਗਰ ਕੀਰਤਨ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਲਿਜਾਣ ਦੀ ਯਾਦ ਵਿੱਚ ਸਜਾਇਆ ਜਾ ਰਿਹਾ ਹੈ। ਬੀਤੀ ਰਾਤ ਇੱਥੇ ਠਹਿਰਾਅ ਕਰਨ ਮਗਰੋਂ ਅੱਜ ਸਵੇਰੇ ਨਗਰ ਕੀਰਤਨ ਦੀ ਆਰੰਭਤਾ ਹੋਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਅਗਵਾਈ ਕੀਤੀ। ਗੁਰਦੁਆਰਾ ਪਾਤਸ਼ਾਹੀ ਨੌਵੀਂ ਤਰਾਵੜੀ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਾਤਰੀ ਵਿਸ਼ਰਾਮ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਅੰਬਾਲਾ ਪਹੁੰਚਿਆ। ਸਿੱਖ ਮਿਸ਼ਨ ਹਰਿਆਣਾ (ਕੁਰੂਕਸ਼ੇਤਰ) ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਨੀਲੋਖੇੜੀ, ਸਮਾਣਾ ਬਾਹੂ, ਬੈਰਸਾਲ, ਉਮਰੀ, ਕੁਰੂਕਸ਼ੇਤਰ, ਸ਼ਾਹਬਾਦ ਮਾਰਕੰਡਾ, ਮਛੋਂਡਾ ਅਤੇ ਅੰਬਾਲਾ ਛਾਉਣੀ ਵਿੱਚ ਸੰਗਤ ਨੇ ਸਵਾਗਤ ਕੀਤਾ।
