ਐੱਨਜੀਟੀ ਅਦਾਲਤ ਵੱਲੋਂ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਬੰਦ ਕਰਨ ਦੇ ਹੁਕਮ
ਇੱਥੋਂ ਦੇ ਪਿੰਡ ਮਨਸੂਰਵਾਲ ਕਲਾਂ ਦੀ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸਾਂਝਾ ਮੋਰਚਾ ਜ਼ੀਰਾ ਵੱਲੋਂ ਲਗਪਗ ਸਾਢੇ ਤਿੰਨ ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤੇ ਇਸ ਸਬੰਧੀ ਕੀਤੇ ਕੇਸ ਵਿੱਚ ਉਸ ਸਮੇਂ ਜਿੱਤ ਹਾਸਿਲ ਕਰ ਲਈ ਗਈ ਜਦ ਐੱਨਜੀਟੀ ਦਿੱਲੀ ਦੀ ਅਦਾਲਤ ਵਿਚ ਜਸਟਿਸ ਪ੍ਰਕਾਸ਼ ਸ੍ਰੀਵਾਸਤਵਾ ਚੇਅਰਪਰਸਨ, ਜਸਟਿਸ ਅਰੁਨ ਕੁਮਾਰ ਤਿਆਗੀ ਜੁਡੀਸ਼ੀਅਲ ਮੈਂਬਰ ਅਤੇ ਡਾ: ਅਫਰੋਜ਼ ਅਹਿਮਦ ਦੇ ਬੈਂਚ ਨੇ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਨੂੰ ਪੱਕੇ ਤੌਰ ’ਤੇ ਬੰਦ ਕਰਨ ਅਤੇ ਢਾਹੁਣ ਦੇ ਆਦੇਸ਼ ਜਾਰੀ ਕੀਤੇ।
ਇਸ ਸਬੰਧੀ ਅੱਜ ਸਾਂਝਾ ਮੋਰਚਾ ਜ਼ੀਰਾ ਵਿਚ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂ ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ, ਸਾਬਕਾ ਸਰਪੰਚ ਗੁਰਜੰਟ ਸਿੰਘ ਰਟੌਲ ਰੋਹੀ ਅਤੇ ਫਤਹਿ ਸਿੰਘ ਢਿੱਲੋਂ ਰਟੌਲ ਰੋਹੀ ਨੇ ਦੱਸਿਆ ਕਿ ਓਧਰ ਉਤਰਵਾਦੀ ਧਿਰ ਦੇ ਵਕੀਲਾਂ ਨੇ ਅਦਾਲਤ 'ਚ ਦੱਸਿਆ ਕਿ ਡਿਸਟਿਲਰੀ ਪਲਾਂਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਢਾਹ ਦਿੱਤਾ ਜਾਵੇਗਾ । ਉਨ੍ਹਾਂ ਵਲੋਂ ਉਸੇ ਅਹਾਤੇ ਵਿਚ ਸਥਿਤ 180 ਕੇਐੱਲਡੀ ਦੇ ਇਕ ਹੋਰ ਪਲਾਂਟ ਵਿੱਚ ਈਥਾਨੋਲ ਉਤਪਾਦਨ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਗਈ ਹੈ। ਇਸ ਸਬੰਧੀ ਸਾਂਝਾ ਮੋਰਚਾ ਜ਼ੀਰਾ ਦੇ ਵਕੀਲ ਕੋਲਿਨ ਗੋਂਜ਼ਾਲਵੇਸ ਨੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ । ਮੋਰਚੇ ਦੇ ਆਗੂਆਂ, ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਲੜਾਈ ਈਥਾਨੋਲ ਪਲਾਂਟ ਦੀ ਰਹਿ ਗਈ ਹੈ ਅਤੇ ਸਾਂਝਾ ਮੋਰਚਾ ਜ਼ੀਰਾ ਇਸ ਦੀ ਵੀ ਲੜਾਈ ਅਦਾਲਤ ਵਿੱਚ ਲੜਦਾ ਰਹੇਗਾ।