ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਅਗਲੀ ਸੁਣਵਾਈ 4 ਨੂੰ
ਆਮਦਨ ਤੋਂ ਵੱਧ ਜਾਇਦਾਦ ਵਧਾਉਣ ਦੇ ਕਥਿਤ ਦੋਸ਼ਾਂ ਹੇਠ ਨਾਭਾ ਦੀ ਨਿਊ ਜੇਲ੍ਹ ’ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਉੱਤੇ ਅਗਲੀ ਸੁਣਵਾਈ 4 ਅਗਸਤ ਨੂੰ ਹੋਵੇਗੀ। ਅੱਜ ਇਸ ਮਾਮਲੇ ਉੱਤੇ ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਚ ਸੁਣਵਾਈ ਹੋਈ, ਜਿੱਥੇ ਸਰਕਾਰੀ ਅਤੇ ਬਚਾਅ ਪੱਖ ਵੱਲੋਂ ਆਪੋ-ਆਪਣੇ ਦਾਅਵੇ ਪੇਸ਼ ਕੀਤੇ ਗਏ। ਅਦਾਲਤ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਜ਼ਮਾਨਤ ਦੇ ਮਾਮਲੇ ਉੱਤੇ ਆਪਣੀ ਬਹਿਸ ਮੁਕੰਮਲ ਕਰ ਲਈ ਗਈ ਹੈ ਪਰ ਸਰਕਾਰੀ ਧਿਰ ਇਸ ਮਾਮਲੇ ਨੂੰ ਲਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੂੰ ਇਸ ਮਾਮਲੇ ਵਿਚ ਕੁਝ ਨਹੀਂ ਲੱਭ ਰਿਹਾ। ਇਸੇ ਦੌਰਾਨ ਅਦਾਲਤ ਵਿਚ ਮਜੀਠੀਆ ਦੇ ਵਕੀਲਾਂ ਐੱਚਐੱਸ ਧਨੋਆ, ਦਮਨਬੀਰ ਸਿੰਘ ਸੋਬਤੀ, ਅਰਸ਼ਦੀਪ ਸਿੰਘ ਕਲੇਰ ਆਦਿ ਨੇ ਨਵੀਂ ਦਰਖਾਸਤ ਦੇ ਕੇ ਮਜੀਠੀਆ ਨੂੰ ਹਰ ਪੇਸ਼ੀ ਦੌਰਾਨ ਅਦਾਲਤ ਵਿਚ ਸਰੀਰਕ ਤੌਰ ’ਤੇ ਪੇਸ਼ ਕਰਨ ਦੀ ਮੰਗ ਕੀਤੀ। ਸਰਕਾਰੀ ਪੱਖ ਵੱਲੋਂ ਵੀਡੀਓ ਕਾਨਫਰੰਸਿਗ ਰਾਹੀਂ ਪੇਸ਼ੀ ਦੀ ਮੰਗ ਉੱਤੇ ਅਦਾਲਤ ਨੇ 2 ਅਗਸਤ ਦੀ ਪੇਸ਼ੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਰਾਏ ਜਾਣ ਦਾ ਆਦੇਸ਼ ਦਿੱਤਾ ਗਿਆ।
ਇਸੇ ਤਰ੍ਹਾਂ ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਉੱਤੇ ਵੀ ਸੁਣਵਾਈ 2 ਅਗਸਤ ਨੂੰ ਹੋਵੇਗੀ। ਵਿਜੀਲੈਂਸ ਵੱਲੋਂ ਮਜੀਠੀਆ ਦੇ ਪਰਿਵਾਰ ਦੀ ਮਲਕੀਅਤ ਸਰਾਇਆ ਇੰਡਸਟਰੀ ਤੇ ਬਾਕੀ ਥਾਵਾਂ ਉੱਤੇ ਤਲਾਸ਼ੀ ਲੈਣ ਲਈ ਸਰਚ ਵਾਰੰਟ ਹਾਸਿਲ ਕਰਨ ਦੀ ਸੁਣਵਾਈ ਵੀ 2 ਅਗਸਤ ਨੂੰ ਹੀ ਹੋਵੇਗੀ।