ਨਵੀਂ ਚੁਣੌਤੀ: ਚੌਲ ਭੰਡਾਰ ਖ਼ਾਲੀ ਕਰਨ ਲੱਗਿਆ ਭਾਰਤੀ ਖ਼ੁਰਾਕ ਨਿਗਮ
ਚਰਨਜੀਤ ਭੁੱਲਰ
ਚੰਡੀਗੜ੍ਹ, 15 ਜੂਨ
ਭਾਰਤੀ ਖ਼ੁਰਾਕ ਨਿਗਮ ਹੁਣ ਪੰਜਾਬ ਵਿੱਚੋਂ ਚੌਲ ਭੰਡਾਰ ਖ਼ਾਲੀ ਕਰਨ ਲੱਗਿਆ ਹੋਇਆ ਹੈ। ਬੇਸ਼ੱਕ ਕਣਕ ਦਾ ਖ਼ਰੀਦ ਸੀਜ਼ਨ ਖ਼ਤਮ ਹੋ ਚੁੱਕਿਆ ਹੈ ਅਤੇ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ ਪਰ ਨਿਗਮ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹੱਥ ਪੈਰ ਮਾਰਨ ਲੱਗਿਆ ਹੈ। ਲੰਘੇ ਕਣਕ ਦੇ ਸੀਜ਼ਨ ਵਿੱਚ ਭਾਰਤੀ ਖ਼ੁਰਾਕ ਨਿਗਮ ਨੇ ਫ਼ਸਲ ਦੀ ਕਾਫ਼ੀ ਮੂਵਮੈਂਟ ਖ਼ਰੀਦ ਕੇਂਦਰਾਂ ਵਿੱਚੋਂ ਸਿੱਧੀ ਕੀਤੀ ਸੀ। ਪੰਜਾਬ ਸਰਕਾਰ ਵੀ ਅਨਾਜ ਭੰਡਾਰਨ ਲਈ ਹੁਣ ਨਵੇਂ ਪ੍ਰਬੰਧ ਕਰ ਰਹੀ ਹੈ ਅਤੇ ਗੁਦਾਮ ਉਸਾਰੇ ਜਾ ਰਹੇ ਹਨ। ਵੇਰਵਿਆਂ ਅਨੁਸਾਰ ਭਾਰਤੀ ਖ਼ੁਰਾਕ ਨਿਗਮ ਦਾ ਟੀਚਾ ਹੈ ਕਿ ਜੁਲਾਈ ਦੇ ਅਖੀਰ ਤੱਕ ਪਿਛਲੇ ਸਾਲ ਦੇ ਚੌਲਾਂ ਦੀ ਮੁਕੰਮਲ ਡਿਲਿਵਰੀ ਹਾਸਲ ਕਰ ਲਈ ਜਾਵੇ। ਇਸ ਵੇਲੇ ਤੱਕ ਪਿਛਲੇ ਸਾਲ ਦਾ ਚੌਲ ਛੜਾਈ ਮਗਰੋਂ 82 ਫ਼ੀਸਦੀ ਦੇ ਕਰੀਬ ਨਿਗਮ ਨੇ ਹਾਸਲ ਕਰ ਲਿਆ ਹੈ। ਕਰੀਬ 96 ਲੱਖ ਮੀਟਰਿਕ ਟਨ ਚੌਲ ਦੀ ਪ੍ਰਾਪਤੀ ਹੋ ਗਈ ਹੈ। ਮੌਜੂਦਾ ਫ਼ਸਲ ਦੀ ਛੜਾਈ ਦਾ ਕੰਮ ਨਵੰਬਰ ਤੋਂ ਸ਼ੁਰੂ ਹੋਣਾ ਹੈ ਅਤੇ ਨਵੇਂ ਸੀਜ਼ਨ ਵਿੱਚ 120 ਲੱਖ ਮੀਟਰਿਕ ਟਨ ਚੌਲ ਦਾ ਟੀਚਾ ਹੈ। ਨਵੀਂ ਫ਼ਸਲ ਤੋਂ ਪਹਿਲਾਂ ਨਿਗਮ ਅਨਾਜ ਭੰਡਾਰਨ ਲਈ ਜਗ੍ਹਾ ਖ਼ਾਲੀ ਕਰਨਾ ਚਾਹੁੰਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚੋਂ ਮਈ ਵਿੱਚ ਕਰੀਬ 10 ਲੱਖ ਮੀਟਰਿਕ ਟਨ ਚੌਲਾਂ ਦੀ ਮੂਵਮੈਂਟ ਹੋ ਚੁੱਕੀ ਹੈ ਅਤੇ ਜੂਨ ਵਿੱਚ 14 ਲੱਖ ਮੀਟਰਿਕ ਟਨ ਚੌਲ ਪੰਜਾਬ ਵਿੱਚੋਂ ਬਾਹਰ ਭੇਜੇ ਜਾਣੇ ਹਨ। ਯੋਜਨਾਬੰਦੀ ਅਨੁਸਾਰ ਭਾਰਤੀ ਖ਼ੁਰਾਕ ਨਿਗਮ ਵੱਲੋਂ ਅਗਸਤ ਤੋਂ ਦਸੰਬਰ ਤੱਕ ਹਰ ਮਹੀਨੇ ਕਰੀਬ ਅੱਠ ਤੋਂ ਦਸ ਲੱਖ ਮੀਟਰਿਕ ਟਨ ਚੌਲਾਂ ਦੀ ਮੂਵਮੈਂਟ ਕੀਤੀ ਜਾਣੀ ਹੈ। ਨਿਗਮ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਪੰਜਾਬ ਵਿੱਚੋਂ ਚੌਲਾਂ ਦੀ ਮੂਵਮੈਂਟ ਵਧਾਈ ਜਾ ਰਹੀ ਹੈ ਤਾਂ ਜੋ ਨਵੀਂ ਫ਼ਸਲ ਦੇ ਆਉਣ ਤੱਕ ਅਨਾਜ ਭੰਡਾਰਨ ਦੀ ਕੋਈ ਮੁਸ਼ਕਲ ਨਾ ਰਹੇ। ਕਣਕ ਦੇ ਸੀਜ਼ਨ ਵਿੱਚ ਅਨਾਜ ਭੰਡਾਰਨ ਦਾ ਮਸਲਾ ਸਾਹਮਣੇ ਆਇਆ ਸੀ ਪਰ ਮੌਕੇ ’ਤੇ ਸਰਕਾਰ ਨੇ ਮੁਸ਼ਕਲ ਨੂੰ ਨਜਿੱਠ ਲਿਆ ਸੀ। ਕਣਕ ਦੀ ਫ਼ਸਲ ਨੂੰ ਖੁੱਲ੍ਹੇ ਗੁਦਾਮਾਂ ਵਿੱਚ ਭੰਡਾਰ ਕੀਤਾ ਗਿਆ ਅਤੇ ਇਸੇ ਤਰ੍ਹਾਂ ਚੌਲ ਮਿੱਲਾਂ ਦੀ ਖ਼ਾਲੀ ਪਈ ਜਗ੍ਹਾ ਨੂੰ ਵੀ ਵਰਤਿਆ ਗਿਆ ਹੈ। ਪੰਜਾਬ ਵਿੱਚ ਇਸ ਵੇਲੇ 60 ਲੱਖ ਮੀਟਰਿਕ ਟਨ ਪੁਰਾਣਾ ਚੌਲ ਪਿਆ ਹੈ ਅਤੇ 96 ਲੱਖ ਮੀਟਰਿਕ ਟਨ ਨਵਾਂ ਚੌਲ ਆ ਚੁੱਕਿਆ ਹੈ। ਜਦੋਂ ਨਵੀਂ ਫ਼ਸਲ ਦਾ ਚੌਲ 120 ਲੱਖ ਮੀਟਰਿਕ ਟਨ ਆਵੇਗਾ ਤਾਂ ਉਸ ਸਮੇਂ ਔਖੀ ਸਥਿਤੀ ਬਣ ਜਾਣੀ ਹੈ। ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਪੰਜਾਬ ਵਿੱਚੋਂ ਅਨਾਜ ਦੀ ਮੂਵਮੈਂਟ ਲਈ ਹੁਣ ਕਾਹਲ ਦਿਖਾਉਣ ਲੱਗੀ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਪਿਛਲੇ ਸਮੇਂ ਦੌਰਾਨ ਰੇਲਵੇ ਦੇ ਵੱਧ ਤੋਂ ਵੱਧ ਰੈਕ ਮੰਗੇ ਸਨ ਪਰ ਕੇਂਦਰ ਨੇ ਬਾਂਹ ਨਹੀਂ ਫੜੀ ਸੀ।