ਨਵੇਂ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਅੱਜ ਪਾਰਟੀ ਵੱਲੋਂ ਸਕੱਤਰ ਜਨਰਲ, ਖਜ਼ਾਨਚੀ, 4 ਸਰਪ੍ਰਸਤ, 4 ਸੀਨੀਅਰ ਮੀਤ ਪ੍ਰਧਾਨ, 7 ਮੀਤ ਪ੍ਰਧਾਨ ਸਣੇ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੇ ਸਕੱਤਰ ਜਨਰਲ ਅਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਵਪਾਰ ਵਿੰਗ ਨੂੰ ਮਜ਼ਬੂਤ ਕਰਦਿਆਂ ਪ੍ਰਕਾਸ਼ ਚੰਦ ਗਰਗ ਨੂੰ ਪ੍ਰਧਾਨ ਅਤੇ ਕਪੂਰ ਚੰਦ ਬਾਂਸਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਬਜੋਤ ਸਿੰਘ ਬੇਦੀ, ਸੇਵਾ ਸਿੰਘ ਰਾਮਪੁਰ ਖੇੜਾ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਤੇ ਰਵੀਇੰਦਰ ਸਿੰਘ ਨੂੰ ਪਾਰਟੀ ਦਾ ਸਰਪ੍ਰਸਤ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ, ਸਾਬਕਾ ਵਿਧਾਇਕ ਜਥੇਦਾਰ ਇਕਬਾਲ ਸਿੰਘ ਝੂੰਦਾਂ, ਸਾਬਕਾ ਵਿਧਾਇਕ ਅਤੇ ਐੱਸ ਜੀ ਪੀ ਸੀ ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਅਤੇ ਐੱਸ ਜੀ ਪੀ ਸੀ ਮੈਂਬਰ ਮਨਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਤੇਜਿੰਦਰਪਾਲ ਸੰਧੂ ਵੱਲੋਂ ਵਰਕਿੰਗ ਕਮੇਟੀ ਤੋਂ ਅਸਤੀਫ਼ਾ
ਪਟਿਆਲਾ (ਖੇਤਰੀ ਪ੍ਰਤੀਨਿਧ): ਐੱਸ.ਐੱਸ. ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਵਰਕਿੰਗ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਫਤਾ ਪਹਿਲਾਂ ਹੀ ਉਨ੍ਹਾਂ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਸੀ। ਸੰਪਰਕ ਕਰਨ ’ਤੇ ਉਨ੍ਹਾਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਵੀ ਕੀਤੀ। ਉਨ੍ਹਾਂ ਨੇ ਇਸ ਦੇ ਪਿੱਛੇ ਭਾਵੇਂ ਆਪਣੇ ਜ਼ਰੂਰੀ ਰੁਝੇਵਿਆਂ ਨੂੰ ਮੁੱਖ ਕਾਰਨ ਦੱਸਿਆ ਹੈ, ਪਰ ਚਰਚਾ ਇਹ ਵੀ ਹੈ ਕਿ ਇਸ ਦਾ ਅਸਲੀ ਕਾਰਨ ਕੋਈ ਹੋਰ ਹੈ।