ਮਰਹੂਮ ਵਿਧਾਇਕ ਦਾ ਭਾਣਜਾ ਆਜ਼ਾਦ ਉਮੀਦਵਾਰ ਵਜੋਂ ਨਿੱਤਰਿਆ
ਗੁਰਬਖਸ਼ਪੁਰੀ
ਤਰਨ ਤਾਰਨ ਤੋਂ ਆਮ ਆਦਮੀ ਪਾਰਟੀ (ਆਪ) ਦੇ ਅੰਦਰੂਨੀ ਮੱਤਭੇਦ ਇਕ ਵਾਰ ਫਿਰ ਸਾਹਮਣੇ ਆ ਗਏ ਹਨ| 2022 ਵਿੱਚ ਇਸ ਹਲਕੇ ਤੋਂ ‘ਆਪ’ ਦੇ ਬਣੇ ਪਹਿਲੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਭਾਣਜੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਕੱਲ੍ਹ ਇੱਥੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਉਹ ਡਾ. ਸੋਹਲ ਦੇ ਭਾਣਜਾ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਨਿੱਜੀ ਸਕੱਤਰ (ਪੀ ਏ) ਵੀ ਰਹੇ ਹਨ।
ਨਾਮਜ਼ਦਗੀ ਦਾਖ਼ਲ ਕਰਨ ਦੇ ਦੂਜੇ ਦਿਨ ਅੱਜ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਡਾ. ਸੋਹਲ ਦੀ ਜੂਨ ਮਹੀਨੇ ਦੇ ਅਖੀਰ ’ਤੇ ਮੌਤ ਹੋਣ ਮਗਰੋਂ ਉਨ੍ਹਾਂ ਤਰਨ ਤਾਰਨ ਦੇ ਦਰਬਾਰ ਸਾਹਿਬ ਵਿੱਚ ਪਾਰਟੀ ਆਗੂਆਂ ਦੇ ਇਕੱਠ ਵਿੱਚ ਸ਼ਾਮਲ ਹੋ ਕੇ ਹਰਮੀਤ ਸਿੰਘ ਸੰਧੂ ਖ਼ਿਲਾਫ਼ ਭੁਗਤਣ ਦਾ ਫੈਸਲਾ ਕੀਤਾ ਸੀ| ਸਾਜ਼ਿਸ਼ ਤਹਿਤ ਮਰਹੂਮ ਡਾ. ਕਸ਼ਮੀਰ ਸਿੰਘ ਸੋਹਲ ਦੇ ਸਮਰਥਕਾਂ ਨੂੰ ਰਾਜਸੀ ਦ੍ਰਿਸ਼ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਉਹ ਪਾਰਟੀ ਵਰਕਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਮੈਦਾਨ ਵਿੱਚ ਆਏ ਹਨ|
ਉਨ੍ਹਾਂ ਕਿਹਾ ਕਿ ਉਹ ਆਪਣੇ ਸਵਰਗੀ ਮਾਮਾ ਡਾ. ਕਸ਼ਮੀਰ ਸਿੰਘ ਸੋਹਲ ਦੇ ਪਾਏ ਪੂਰਨਿਆਂ ’ਤੇ ਚਲਦੇ ਰਹਿਣ ਲਈ ਯਤਨਸ਼ੀਲ ਹਨ| ਇਸ ਦੇ ਨਾਲ ਹੀ ਹੋਰਨਾਂ ਆਜ਼ਾਦ ਉਮੀਦਵਾਰਾਂ ਵਿੱਚ ਉਸਮਾ ਕਾਂਡ ਵਾਲੀ ਹਰਬਰਿੰਦਰ ਕੌਰ ਉਸਮਾਂ ਵੀ ਸ਼ਾਮਿਲ ਹੈ ਜਿਸ ਕਰ ਕੇ ਹਾਕਮ ਧਿਰ ਦੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੇਲ੍ਹ ਜਾਣਾ ਪਿਆ ਹੈ| ਮਨਜਿੰਦਰ ਸਿੰਘ ਲਾਲਪੁਰਾ ’ਤੇ ਪੁਲੀਸ ਨਾਲ ਮਿਲ ਕੇ ਹਰਬਰਿੰਦਰ ਕੌਰ ਨਾਲ ਮਾਰਚ, 2013 ਵਿੱਚ ਤਸ਼ੱਦਦ ਕਰਨ ਦਾ ਦੋਸ਼ ਹੈ।