ਇਲਾਜ ’ਚ ਕੁਤਾਹੀ: ਸਿਹਤ ਮੰਤਰੀ ਵੱਲੋਂ ਖੰਨਾ ਸਿਵਲ ਹਸਪਤਾਲ ਦੀ ਡਾਕਟਰ ਮੁਅੱਤਲ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਤੇ ਇਸ ਸਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹ ਅੱਜ ਇੱਥੇ ਸਿਵਲ ਹਸਪਤਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਸੋਮਵਾਰ ਨੂੰ ਗਰਭਵਤੀ ਮਹਿਲਾ ਦੇ ਜਣੇਪੇ ਦੇ ਸਬੰਧ ’ਚ ਗਾਇਨੀ ਡਾਕਟਰ ਦੇ ਵਤੀਰੇ ਨੂੰ ਸ਼ਰਮਸਾਰ ਕਰਾਰ ਦਿੰਦਿਆਂ ਡਾ. ਕਵਿਤਾ ਸ਼ਰਮਾ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਅਣਗਹਿਲੀ ਕਾਰਨ ਸਬੰਧਤ ਡਾਕਟਰ ਦਾ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਸਿਵਲ ਹਸਪਤਾਲ ਖੰਨਾ ’ਚ ਗਰਭਵਤੀ ਔਰਤ ਦੇ ਜਣੇਪੇ ਦੌਰਾਨ ਗਾਇਨੀ ਡਾਕਟਰ ਗ਼ੈਰਹਾਜ਼ਰ ਸੀ। ਡਿਊਟੀ ’ਤੇ ਹਾਜ਼ਰ ਮੈਡੀਕਲ ਅਫ਼ਸਰ ਵੱਲੋਂ ਮਰੀਜ਼ ਦੀ ਨਾਜ਼ੁਕ ਹਾਲਤ ਹੋਣ ਬਾਰੇ ਜਾਣਕਾਰੀ ਦੇਣ ਦੇ ਬਾਵਜੂਦ ਮਹਿਲਾ ਡਾਕਟਰ ਹਸਪਤਾਲ ਨਹੀਂ ਪਹੁੰਚੀ। ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਸਬੰਧੀ ਬਣਾਈ ਕਮੇਟੀ ਵੱਲੋਂ ਕੀਤੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਡਾ. ਕਵਿਤਾ ਸ਼ਰਮਾ ਵੱਲੋਂ ਗਰਭਵਤੀ ਔਰਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤੇ ਇਸ ਮਹਿਲਾ ਡਾਕਟਰ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆ ਰਹੀਆਂ ਸਨ। ਉਨ੍ਹਾਂ ਕਿਹਾ ਸਿਹਤ ਵਿਭਾਗ ’ਚ ਹੁਣ ਲਗਪਗ 3 ਹਜ਼ਾਰ ਸਿਹਤ ਕਾਮਿਆਂ ਦੀ ਭਰਤੀ ਕੀਤੀ ਗਈ ਹੈ।