ਪਰਾਲੀ ਸਾੜਨ ਨੂੰ ਰੋਕਣ ’ਚ ਲਾਪ੍ਰਵਾਹੀ; ਡੀ ਐੱਸ ਪੀ, ਐੱਸ ਡੀ ਐੱਮ ਸਣੇ 92 ਨੂੰ ਨੋਟਿਸ
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਵਿੱਚ ਮੋਗਾ ਦੇ ਕਈ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਸਾਹਮਣੇ ਆਈ ਹੈ। ਇਥੇ ਇੱਕ ਡੀ ਐੱਸ ਪੀ ਤੇ ਇੱਕ ਐੱਸ ਡੀ ਐੱਮ ਸਮੇਤ 92 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਵਿੱਚ ਲਾਪ੍ਰਵਾਹੀ ਤੇ ਡਿਊਟੀ ਵਿਚ ਕੁਤਾਹੀ ਦੇ ਦੋਸ਼ ਹੇਠ ਡੀ ਐੱਸ ਪੀ ਤੇ ਇੱਕ ਐੱਸ ਡੀ ਐੱਮ ਸਮੇਤ 92 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪਰਾਲੀ ਸਾੜਨ ਦੇ ਵਰਤਾਰੇ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਵਿਚ ਜਿਥੇ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਵਰਤਾਰੇ ਵਿਚ 50 ਫ਼ੀਸਦੀ ਕਮੀ ਆਈ ਹੈ ਉਥੇ ਦੋ ਦਿਨਾਂ ਤੋਂ ਪਰਾਲੀ ਸਾੜਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਦਾ ਮੁੱਖ ਕਾਰਨ ਪੈ ਰਹੀ ਤਰੇਲ ਵੀ ਮੰਨੀ ਜਾ ਰਹੀ ਹੈ।
ਜ਼ਿਲ੍ਹੇ ਦੀ ਸਬ ਡਿਵੀਜ਼ਨ ਬਾਘਾਪੁਰਾਣਾ ਖੇਤਰ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧ ਹੋਣ ਕਰਕੇ ਇਸ ਸਬ ਡਿਵੀਜ਼ਨ ਦੇ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀ ਅਤੇ ਇਸੇ ਸਬ ਡਿਵੀਜ਼ਨ ਦੇ ਤਕਰੀਬਨ ਸਾਰੇ ਖੇਤੀਬਾੜੀ ਅਫ਼ਸਰਾਂ ਅਤੇ ਅਮਲੇ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇੱਕ ਖੇਤੀਬਾੜੀ ਅਫ਼ਸਰ ਨੇ 30 ਅਕਤੂਬਰ ਨੂੰ ਨਵੀਂ ਨੌਕਰੀ ਜੁਆਇਨ ਕੀਤੀ ਸੀ ਪਰ ਉਸ ਨੂੰ ਨੌਕਰੀ ਤੋਂ 15 ਦਿਨ ਬਾਅਦ ਹੀ ਇਹ ਨੋਟਿਸ ਮਿਲਿਆ ਤਾਂ ਉਹ ਤਣਾਅ ’ਚ ਆ ਗਿਆ।
