ਮਾਧੋਪੁਰ ਹੈੱਡਵਰਕਸ ਦੀ ਸੰਭਾਲ ’ਚ ਅਣਗਹਿਲੀ ਦੀ ਜਾਂਚ ਹੋਵੇ: ਚੀਮਾ
ਆਤਿਸ਼ ਗੁਪਤਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮਾਧੋਪੁਰ ਹੈੱਡਵਰਕਸ ਦੇ ਤਿੰਨ ਗੇਟ ਟੁੱਟਣ ’ਤੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਬਜ਼ ‘ਆਪ’ ਦੀ ਸਰਕਾਰ ਨੇ ਮਾਧੋਪੁਰ ਹੈੱਡਵਰਕਸ ਦੇ ਰੱਖ ਰਖਾਅ ਵਿੱਚ ਅਣਗਹਿਲੀ ਵਰਤੀ ਹੈ। ਇਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤੇ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਡਾ. ਚੀਮਾ ਨੇ ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀ ਅਣਗਹਿਲੀ ਕਰ ਕੇ ਮਾਧੋਪੁਰ ਹੈੱਡਵਰਕਸ ਦੇ ਤਿੰਨ ਗੇਟ ਟੁੱਟ ਗਏ। ਇਸ ਕਾਰਨ ਜਿੱਥੇ ਫ਼ਸਲ ਤਬਾਹ ਹੋ ਗਈ, ਉੱਥੇ ਹੀ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਅਣਗਹਿਲੀ ਦੀ ਜ਼ਿੰਮੇਵਾਰੀ ਪ੍ਰਾਈਵੇਟ ਕੰਪਨੀ ਸਿਰ ਪਾਉਣਾ ਚਾਹੁੰਦੀ ਹੈ। ਇਸੇ ਲਈ ਮੰਤਰੀ ਵੱਲੋਂ ਨੋਟਿਸ ਜਾਰੀ ਕੀਤਾ ਹੈ ਕਿ ਕੰਪਨੀ ਨੇ ਗ਼ਲਤ ਰਿਪੋਰਟ ਦਿੱਤੀ ਸੀ ਕਿ ਮਾਧੋਪੁਰ ਹੈੱਡਵਰਕਸ ਤੋਂ 6.2 ਲੱਖ ਕਿਊਸਕ ਪਾਣੀ ਲੰਘ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਹੈੱਡਵਰਕਸ ਦੇ ਢਾਂਚੇ ਦੀ ਸਿਹਤ ਦਾ ਮੁਲਾਂਕਣ ਕਰਨਾ ਉਸ ਦੇ ਕੰਮ ਦੇ ਦਾਇਰੇ ਵਿੱਚ ਨਹੀਂ ਸੀ। ਕੰਪਨੀ ਨੂੰ ਸਿਰਫ਼ ਮਾਧੋਪੁਰ ਹੈੱਡਵਰਕਸ ਦੇ ਅਸਲ ਡਿਜ਼ਾਈਨ ਦੇ ਸਬੰਧ ’ਚ ਹਾਈਡ੍ਰੋਲੌਜੀਕਲ ਡੇਟਾ ਇਕੱਤਰ ਕਰਨ ਉਪਰੰਤ ਹੜ੍ਹਾਂ ਦੀ ਸਮੀਖਿਆ ਦੇ ਡਿਜ਼ਾਈਨ ਦਾ ਐਸਟੀਮੇਟ ਬਣਾਉਣ ਵਾਸਤੇ ਕੰਮ ਦਿੱਤਾ ਗਿਆ ਸੀ।
ਡਾ. ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐੱਮ ਬੀ ਬੀ ਐੱਸ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ 20 ਲੱਖ ਰੁਪਏ ਦੇ ਬਾਂਡ ਭਰਨ ਅਤੇ ਉਨ੍ਹਾਂ ਵੱਲੋਂ ਦਿਹਾਤੀ ਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸੇਵਾ ਨਾ ਦੇਣ ’ਤੇ ਇਸ ਰਕਮ ਨੂੰ ਜ਼ਬਤ ਕਰਨ ਦੀ ਲਿਆਂਦੀ ਨੀਤੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੀ ਸੀ ਐੱਮ ਐੱਸ ਸੇਵਾ ਲਈ ਢੁੱਕਵੀਂ ਤਨਖ਼ਾਹ ਦੇਣ ਦੇ ਨਾਲ-ਨਾਲ ਕੰਮ ਦੇ ਹਾਲਾਤ ਸੁਧਾਰਨੇ ਚਾਹੀਦੇ ਹਨ।
‘ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਮਿਲੇ’
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਤੋਂ ਰੋਕਣ ਦੀ ਨਿਖੇਧੀ ਕੀਤੀ ਹੈ। ਡਾ. ਚੀਮਾ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਦੋਵਾਂ ਦੇਸ਼ਾਂ ’ਚ ਮੁੜ ਸ਼ੁਰੂ ਹੋਏ ਕ੍ਰਿਕਟ ਮੈਚਾਂ ਨੂੰ ਦੇਖਦਿਆਂ ਇਹ ਐਡਵਾਈਜ਼ਰੀ ਵਾਪਸ ਲਈ ਜਾਵੇ ਅਤੇ ਕਰਤਾਰਪੁਰ ਸਾਹਿਬ ਲਾਂਘਾ ਵੀ ਖੋਲ੍ਹਿਆ ਜਾਵੇ।