ਰਾਹਤ ਸਮੱਗਰੀ ਵੰਡ ਬਾਰੇ ਪਹਿਲਾਂ ਲੋੜਵੰਦਾਂ ਦੀ ਤਸਦੀਕ ਕੀਤੀ ਜਾਵੇ: ਗੜਗੱਜ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਵਾਧੂ ਰਾਹਤ ਸਮੱਗਰੀ ਗੁਰਦੁਆਰਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਹਦਾਇਤ
Advertisement
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਦੀ ਵੰਡ ਸਮੇਂ ਕੁਝ ਅਣਸੁਖਾਵੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਮਾਜ ਸੇਵੀ ਸੰਗਠਨ ਮਦਦ ਸਮੇਂ ਸਬੰਧਤ ਪਿੰਡ ਦੇ ਮੋਹਤਬਰਾਂ ਕੋਲੋਂ ਲੋੜਵੰਦਾਂ ਦੀ ਤਸਦੀਕ ਕਰ ਲੈਣ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਵਾਧੂ ਰਾਹਤ ਸਮੱਗਰੀ ਨੂੰ ਨੇੜਲੇ ਗੁਰਦੁਆਰਿਆਂ ਵਿੱਚ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਬਾਅਦ ਵਿੱਚ ਉਨ੍ਹਾਂ ਦੀ ਸਾਰਥਕ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਕੁਝ ਅਣਸੁਖਾਵੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਦੇ ਵਾਲੰਟੀਅਰਾਂ ਨਾਲ ਵੀ ਧੱਕੇਸ਼ਾਹੀ ਕੀਤੀ ਗਈ ਹੈ, ਜੋ ਪੰਜਾਬ ਦਾ ਸੁਭਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਤੇ ਤਰਾਈ ਖੇਤਰ ਤੋਂ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਪੰਜਾਬ ਵਿੱਚ ਪੁੱਜ ਰਹੀ ਹੈ। ਸੂਬਾ ਸਰਕਾਰ ਦੀ ਇਸ ਸਬੰਧੀ ਕੋਈ ਯੋਜਨਾਬੰਦੀ ਅਤੇ ਸੰਗਠਤ ਪ੍ਰਬੰਧ ਨਾ ਹੋਣ ’ਤੇ ਉਨ੍ਹਾਂ ਚਿੰਤਾ ਪ੍ਰਗਟਾਈ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਗੁਰਦੁਆਰਿਆਂ ਦੇ ਸਥਾਨਕ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਉਨ੍ਹਾਂ ਦੇ ਪ੍ਰਬੰਧ ਵਾਲੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਕਿ ਜੇ ਸੰਸਥਾਵਾਂ ਜਾਂ ਸਮੂਹ ਉਨ੍ਹਾਂ ਕੋਲ ਸਮੱਗਰੀ ਲੈ ਕੇ ਪੁੱਜਦੇ ਹਨ ਤਾਂ ਉਸ ਨੂੰ ਸੁਰੱਖਿਅਤ ਰੱਖਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਦਾ ਬਕਾਇਦਾ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਨਿਖੇਧੀ ਕੀਤੀ ਜਿਹੜੇ ਇਸ ਆਫ਼ਤ ਦੇ ਸਮੇਂ ਪੰਜਾਬ ਦੇ ਮਾਝਾ ਖੇਤਰ ਵਿੱਚ ਫਿਰਕੂ, ਜਾਤੀਵਾਦੀ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਨਫ਼ਰਤੀ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਅਤੇ ਇਨ੍ਹਾਂ ਦੀ ਸ਼ਰਾਰਤ ਨੂੰ ਨਸ਼ਰ ਕਰਨ ਲਈ ਵੀ ਆਖਿਆ।
Advertisement
Advertisement