ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਮਜ਼ਬੂਤ ਕਰਨ ਦੀ ਲੋੜ: ਮੂਸਾ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਚੰਡੀਗੜ੍ਹ ਦੇ ਸੈਕਟਰ-28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੀ ਪੁਰਾਤਨ ਸਾਂਝ ਬਾਰੇ ਸੈਮੀਨਾਰ ਕਰਵਾਇਆ ਗਿਆ ਹੈ। ਇਸ ਦੌਰਾਨ ਚੇਨਈ ਤੋਂ ਡਾ. ਸ਼ਾਦਾਬ ਮੁਨੱਵਰ ਮੂਸਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਸਦੀਆਂ ਪੁਰਾਣੀ ਹੈ। ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੱਧਕਾਲੀ ਮੁਗਲ ਸ਼ਾਸਨ ਅਤੇ ਸਿੱਖਾਂ ਦੀ ਇਤਿਹਾਸਕ ਸਾਂਝ ਦੀ ਪੜਚੋਲ, ਸਿੱਖ ਮੁਸਲਮਾਨ ਇਤਿਹਾਸ ਦੇ ਇਸਲਾਮਫੋਬਿਕ ਕੋਣ ਨਜ਼ਰੀਆ ਦੇ ਬਦਲ ਤਿਆਰ ਕਰਨਾ, ਮੁਸਲਮਾਨਾਂ ਅਤੇ ਸਿੱਖਾਂ ਦੇ ਵਿਚਕਾਰ ਸਾਂਝੇ ਸਮਾਜਿਕ ਅਤੇ ਧਾਰਮਿਕ ਰੀਤਾਂ ਦੀ ਇਤਿਹਾਸਕ ਪਛਾਣ, ਪੰਜਾਬ ਦੇ ਵਿਕਾਸ ਵਿੱਚ ਮੁਸਲਮਾਨ ਭਾਈਚਾਰੇ ਦਾ ਸਕਾਰਾਤਮਕ ਯੋਗਦਾਨ ਹੈ। ਡਾ. ਮੂਸਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਪੀੜਤ ਲੋਕਾਂ ਦੇ ਹੱਕ ਵਿੱਚ ਦਿੱਤੀ ਸ਼ਹਾਦਤ ਸੀ।
ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਜਦੋਂ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ ਸੀ ਤਾਂ ਉਸ ਸਮੇਂ ਬ੍ਰਾਹਮਣ ਭਾਈਚਾਰਾ ਪੀੜਤ ਸੀ ਪਰ ਜੇ ਅੱਜ ਗੁਰੂ ਸਾਹਿਬ ਹੁੰਦੇ ਤਾਂ ਉਹ ਘੱਟ ਗਿਣਤੀਆਂ ਦੇ ਹੱਕ ਵਿੱਚ ਸ਼ਹਾਦਤ ਦਿੰਦੇ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਅੱਜ ਬਹੁ-ਗਿਣਤੀ ਨਾਲ ਸਬੰਧਤ ਰੌਸ਼ਨ ਜ਼ਮੀਰ ਭਾਈਚਾਰੇ ਨੂੰ ਵੀ ਘੱਟ ਗਿਣਤੀਆਂ ਨਾਲ ਖੜ੍ਹਨਾ ਚਾਹੀਦਾ ਹੈ। ਇਸ ਮੌਕੇ ਆਲ ਇੰਡੀਆ ਪੀਸ ਮਿਸ਼ਨ ਦੇ ਦਿਆ ਸਿੰਘ ਦਿੱਲੀ, ਕਥਾਵਾਚਕ ਬਲਦੀਪ ਸਿੰਘ ਰਾਮੂਵਾਲੀਆ ਦਿੱਲੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਟਰਨੈਸ਼ਨਲ ਸਿੱਖ ਕਾਨਫੈੱਡਰੇਸ਼ਨ ਦੇ ਚੇਅਰਪਰਸਨ ਡਾ. ਬਰਿੰਦਰਾ ਕੌਰ, ਮੇਜਰ ਹਰਮੋਹਿੰਦਰ ਸਿੰਘ, ਕਥਾਵਨਾਚਕ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਧਵਨ ਨੇ ਆਪਣੇ ਵਿਚਾਰ ਰੱਖੇ।