‘ਅਕਾਲੀ ਦਲ ਦੀ ਪੁਨਰ-ਸੁਰਜੀਤੀ ਲਈ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਦੀ ਲੋੜ’
ਅਕਾਲੀ ਦਲ ਦੀ ਤਿੰਨ ਦਿਨਾਂ ਵਿਚਾਰ ਗੋਸ਼ਟੀ ਸਮਾਪਤ; ਵੋਟ ਅਤੇ ਅਕਾਲੀ ਸਿਆਸਤ ਸਬੰਧੀ ਕਈ ਨੁਕਤਿਆਂ ’ਤੇ ਚਰਚਾ
Advertisement
ਅਕਾਲੀ ਦਲ ਦੀ ਪੁਨਰ-ਸੁਰਜੀਤੀ, ਵਿਧੀ ਵਿਧਾਨ ਤੇ ਨੀਤੀ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਵਿਚਾਰ ਗੋਸ਼ਟੀ ਦੇ ਤੀਜੇ ਤੇ ਆਖ਼ਰੀ ਦਿਨ ਵੱਡਾ ਇਕੱਠ ਹੋਇਆ। ਗੋਸ਼ਟੀ ਦੀ ਸ਼ੁਰੂਆਤ ਨਾਮ ਸਿਮਰਨ ਤੋਂ ਹੋਈ। ਇਸ ਮੌਕੇ ਡਾ. ਗੁਰਵੀਰ ਸਿੰਘ ਨੇ ਗੋਸ਼ਟੀ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਦਕਿ ਮਾ. ਭੁਪਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ। ਬੁਲਾਰਿਆਂ ਵਜੋਂ ਹਰਪਿੰਦਰ ਸਿੰਘ ਕੋਟਕਪੂਰਾ ਅਤੇ ਪਰਮਜੀਤ ਸਿੰਘ ਮੰਡ ਦਲ ਖ਼ਾਲਸਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੀ ਪੁਨਰ-ਸੁਰਜੀਤੀ ਕਰਨੀ ਹੈ ਤਾਂ ਅਕਾਲ ਤਖ਼ਤ ਨੂੰ ਸਮਰਪਿਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਵੋਟ ਸਿਆਸਤ ਅਤੇ ਅਕਾਲੀ ਸਿਆਸਤ ਦਾ ਦਾਇਰਾ ਵੱਖੋ-ਵੱਖ ਰੱਖਣਾ ਪਵੇਗਾ। ਕੰਵਰਜੀਤ ਸਿੰਘ ਸਿੱਧੂ, ਭਾਸ਼ਾ ਵਿਭਾਗ ਫ਼ਰੀਦਕੋਟ ਨੇ ਕਿਹਾ ਕਿ ਪੰਥਕ ਪ੍ਰਬੰਧਾਂ ਮੁਤਾਬਕ ਚੁਣਿਆ ਗਿਆ ਅਕਾਲੀ ਦਲ ਵੀ ਵਿਧਾਨ ਸਭਾ ਚੋਣਾਂ ਲੜਨ ਵਾਲੀ ਪਾਰਟੀ ਬਣ ਕੇ ਪੰਥਕ ਸਿਧਾਂਤ ’ਤੇ ਕਾਇਮ ਨਹੀਂ ਰਹਿ ਸਕਦਾ। ਹਰਦੀਪ ਸਿੰਘ ਅਤੇ ਭਾਈ ਜਸਪਾਲ ਸਿੰਘ ਮੰਝਪੁਰ ਨੇ ਸੁਝਾਅ ਦਿੱਤਾ ਕਿ ਭਾਵੇਂ ਕੋਈ ਵੀ ਪਾਰਟੀ ਬਣੇ, ਪੰਥਕ ਪ੍ਰਚੱਲਤ ਸ਼ਬਦ (ਅਕਾਲੀ) ਨਾ ਵਰਤਿਆ ਜਾਵੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਧਰਮ ਅਤੇ ਰਾਜਨੀਤੀ ਵਿੱਚ ਸਬੰਧ ਦਰਸਾਉਂਦਿਆਂ ਸਿੱਖ ਧਰਮ ਵਿੱਚ ਧਰਮ ਨੂੰ ਰਾਜਨੀਤੀ ਤੋਂ ਉੱਪਰ ਦੱਸਿਆ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਵੋਟ ਸਿਆਸਤ ਹੀ ਸਾਰੀ ਸਿਆਸਤ ਨਹੀਂ ਹੁੰਦੀ, ਕੁੱਝ ਵੀ ਨਵਾਂ ਬਣਾਉਣ ਤੋਂ ਪਹਿਲਾਂ ਸਾਨੂੰ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਇਨ੍ਹਾਂ ਤੋਂ ਇਲਾਵਾ ਡਾ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਈਮਾਨ ਸਿੰਘ ਖਾਰਾ ‘ਵਾਰਿਸ ਪੰਜਾਬ ਦੇ’, ਗੁਰਦੀਪ ਸਿੰਘ ਬਠਿੰਡਾ, ਡਾ. ਜਮਸ਼ੇਦ ਅਲੀ ਖਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਈ ਮੋਹਕਮ ਸਿੰਘ, ਸਾਬਕਾ ਸਿੱਖ ਫੈੱਡਰੇਸ਼ਨ ਆਗੂ ਕੁਲਦੀਪ ਸਿੰਘ ਤੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ ਆਦਿ ਬੁਲਾਰਿਆਂ ਨੇ ਵਿਚਾਰ ਰੱਖੇ।
Advertisement
Advertisement