ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦੀ
ਕੌਮੀ ਇਨਸਾਫ਼ ਮੋਰਚੇ ਦੀ ਜ਼ਰੂਰੀ ਮੀਟਿੰਗ ਅੱਜ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਹੋਈ। ਮੀਟਿੰਗ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਜੋ ਵੱਖ ਵੱਖ ਜੇਲ੍ਹਾਂ ’ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਦੀ ਰਿਹਾਈ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਉਲੀਕੇ ਜਾਣ ਵਾਲੇ ਸੰਘਰਸ਼ ਦੀ ਤਿਆਰੀ ਲਈ 22 ਜੁਲਾਈ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਮੀਟਿੰਗ ਕੀਤੀ ਜਾਵੇਗੀ। ਮੋਰਚੇ ਨੇ ਇਸ ਸਬੰਧੀ 15 ਅਗਸਤ ਨੂੰ ਮੁਹਾਲੀ ’ਚ ਇਕੱਠ ਕਰਨ ਦਾ ਐਲਾਨ ਵੀ ਕੀਤਾ ਹੈ।
ਅੱਜ ਦੀ ਮੀਟਿੰਗ ’ਚ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਹਰਭਜਨ ਸਿੰਘ ਕਸ਼ਮੀਰੀ, ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਵਾਰਿਸ ਪੰਜਾਬ ਦੇ ਆਗੂ ਸੁਖਬੀਰ ਸਿੰਘ ਬਲਬੇੜਾ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਰਣਜੀਤ ਸਿੰਘ ਆਕੜ, ਬੀਕੇਯੂ ਸਿੱਧੂਪੁਰ ਤੋਂ ਟਹਿਲ ਸਿੰਘ ਜਲਾਲਪੁਰ, ਬੀਕੇਯੂ ਭਟੇੜੀ ਤੋਂ ਜੱਸਾ ਸਿੰਘ ਅਲੀਪੁਰ ਅਰਾਈਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡਾ. ਦਰਸ਼ਨ ਪਾਲ ਤੇ ਹੋਰ ਬਲਾਕ ਆਗੂਆਂ ਦੀ ਟੀਮ ਤੋਂ ਇਲਾਵਾ ਗੁਰਜੰਟ ਸਿੰਘ, ਜਥੇਦਾਰ ਮੋਹਨ ਸਿੰਘ ਕਰਤਾਰਪੁਰ ਬਾਬਾ ਜੇਪੀ ਸਿੰਘ ਤੇ ਹੋਰ ਪਤਵੰਤੇ ਸ਼ਾਮਲ ਹੋਏ। ਮੀਟਿੰਗ ’ਚ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਕੋਈ ਕਦਮ ਨਹੀਂ ਚੁੁੱਕ ਰਹੀ, ਜਿਸ ਖ਼ਿਲਾਫ਼ 4 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਫੂਕੇ ਜਾਣਗੇ। ਪਟਿਆਲਾ ’ਚ ਪੁੱਡਾ ਗਰਾਊਂਡ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਨ ਉਪਰੰਤ ਡੀਸੀ ਦਫ਼ਤਰ ਅੱਗੇ ਪੁਤਲੇ ਸਾੜੇ ਜਾਣਗੇ।