ਗੁਰਦੁਆਰਾ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ
ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਮੌਕੇ ਅੱਜ ਮਾਤਾ ਸੁਲੱਖਣੀ ਦੇ ਪੇਕੇ ਘਰ ਗੁਰਦੁਆਰਾ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਅੱਜ ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਸਤਿਕਰਤਾਰੀਆ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਵੱਡੀ ਗਿਣਤੀ ਸੰਗਤ ਪੁੱਜੀ। ਇਨ੍ਹਾਂ ਗੁਰੂ ਘਰਾਂ ਵਿੱਚ ਵੀਰਵਾਰ ਤੋਂ ਸ਼ੁਰੂ ਹੋਏ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਤੋਂ ਇਲਾਵਾ ਰਾਗੀ ਜਥਿਆਂ ਨੇ ਦਿਨ ਭਰ ਕੀਰਤਨ ਕੀਤਾ। ਸਨਅਤੀ ਨਗਰ ਬਟਾਲਾ ਨੂੰ ਸਮਾਗਮ ਦੇ ਮੱਦੇਨਜ਼ਰ ਸਜਾਇਆ ਗਿਆ ਸੀ। ਕੱਲ੍ਹ ਅਤੇ ਅੱਜ ਦੋਵੇਂ ਦਿਨ ਇੱਥੇ ਮੀਂਂਹ ਪੈਣ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਸ਼ਾਮਲ ਹੋਈ। ਉਂਝ ਮੀਂਹ ਕਾਰਨ ਵਿਆਹ ਪੁਰਬ ਮੌਕੇ ਝੂਲੇ ਅਤੇ ਦੁਕਾਨਦਾਰਾਂ ਦਾ ਕਾਰੋਬਾਰ ਫਿੱਕਾ ਰਿਹਾ। ਮੀਂਹ ਕਾਰਨ ਸੜਕਾਂ ਅਤੇ ਗਲ਼ੀਆਂ ਵਿੱਚ ਭਰੇ ਪਾਣੀ ਕਾਰਨ ਸੰਗਤ ਨੂੰ ਦਿੱਕਤਾਂ ਆਈਆਂ। ਅੱਜ ਨਗਰ ਕੀਰਤਨ ਦਾ ਬਟਾਲਾ ਦੇ ਵੱਖ-ਵੱਖ ਮੁਹੱਲਿਆਂ ਵਿੱਚੋਂ ਲੰਘਣ ਸਮੇਂ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਗਤਕਾ ਪਾਰਟੀਆਂ ਨੇ ਜੌਹਰ ਦਿਖਾਏ। ਇਲਾਕੇ ਦੀ ਸੰਗਤ ਨੇ ਵੱਖ-ਵੱਖ ਸਥਾਨਾਂ ’ਤੇ ਮਠਿਆਈਆਂ, ਚਾਹ-ਪਕੌੜੇ, ਫਲ ਫਰੂਟ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ। ਇਸ ਮੌਕੇ ’ਤੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਅਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਚੇਅਰਮੇਨ ਤਰਲੋਕ ਸਿੰਘ ਬਾਠ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਕਾਲੀ ਦਲ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਸਣੇ ਹੋਰ ਧਾਰਮਿਕ, ਸਮਾਜ ਸੇਵੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਗੁਰਦੁਆਰਾ ਕੰਧ ਸਾਹਿਬ ਅਤੇ ਡੇਹਰਾ ਸਾਹਿਬ ’ਚ ਨਤਸਮਤਕ ਹੋਏ। ਇਸੇ ਤਰ੍ਹਾਂ ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ, ਜਲੰਧਰ ਰੋਡ, ਕਾਦੀਆਂ, ਅੰਮ੍ਰਿਤਸਰ, ਡੇਰਾ ਬਾਬਾ ਨਾਨਕ ਰੋਡ ਅਤੇ ਕਹਾਨੂੰਵਾਨ ਰੋਡ ’ਤੇ ਸੰਗਤ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ।