ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਸੰਗਤ ਵੱਲੋਂ ਫੁੱਲਾਂ ਦੀ ਵਰਖਾ; ਪੰਜਾਬ ਪੁਲੀਸ ਨੇ ਦਿੱਤੀ ਸਲਾਮੀ; ਪੰਜ ਪਿਆਰਿਆਂ ਦਾ ਸਨਮਾਨ
ਅੰਮਿ੍ਰਤਸਰ ਵਿੱਚ ਪ੍ਰਕਾਸ਼ ਪੁਰਬ ਮੌਕੇ ਸਜਾਏ ਨਗਰ ਕੀਰਤਨ ਦਾ ਦ੍ਰਿਸ਼। -ਫੋਟੋ: ਵਿਸ਼ਾਲ
Advertisement

ਸ਼ਹਿਰ ਦੇ ਬਾਨੀ ਅਤੇ ਚੌਥੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਅਕਾਲ ਤਖ਼ਤ ਤੋਂ ਨਗਾਰਿਆਂ, ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਹਰਿਮੰਦਰ ਸਾਹਿਬ ਵਿੱਚ ਫੁੱਲਾਂ ਨਾਲ ਸਜਾਵਟ ਕੀਤੀ ਗਈ। ਅੱਜ ਅਰਦਾਸ ਉਪਰੰਤ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਅਤੇ ਚੌਰ ਦੀ ਸੇਵਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਿਭਾਈ ਗਈ। ਇਸ ਮੌਕੇ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ।

ਨਗਰ ਕੀਰਤਨ ਦਾ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਨੂੰ ਜੋੜਦੇ ਮਾਰਗ ’ਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ। ਵੱਖ-ਵੱਖ ਥਾਵਾਂ ’ਤੇ ਸਭਾ-ਸੁਸਾਇਟੀਆਂ ਅਤੇ ਸੰਗਤ ਨੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪੇ ਦੇ ਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਘੰਟਾ ਘਰ ਪਲਾਜ਼ਾ ਵਿੱਚ ਪੰਜਾਬ ਪੁਲੀਸ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਭੇਟ ਕਰਦਿਆਂ ਸਲਾਮੀ ਦਿੱਤੀ ਗਈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀ ਵਿਸ਼ਵ ਭਰ ਵਿੱਚ ਵਸਦੀ ਸੰਗਤ ਨੂੰ ਵਧਾਈ ਦਿੰਦਿਆਂ ਸਮੂਹ ਸੰਗਤ ਨੂੰ ਗੁਰੂ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸੇਵਾ, ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰੂਧਾਮਾਂ ’ਤੇ ਜਾਣ ਦੀ ਆਗਿਆ ਸਿੱਖ ਸੰਗਤ ਦੀਆਂ ਅਰਦਾਸਾਂ ਸਦਕਾ ਪ੍ਰਵਾਨ ਹੋਈ ਹੈ।

Advertisement

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸੰਗਤ ਨੂੰ ਵਧਾਈ ਸੰਦੇਸ਼

ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਰਾਮਦਾਸ ਦਾ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦ ਗੁਣਾਂ ਨਾਲ ਭਰਪੂਰ ਹੈ। ਗੁਰੂ ਸਾਹਿਬ ਵੱਲੋਂ ਸੱਚੇ ਸਿਦਕ ਨਾਲ ਨਿਭਾਈ ਨਿਸ਼ਕਾਮ ਸੇਵਾ ਵਰਗੀ ਦੁਨੀਆ ਦੇ ਇਤਿਹਾਸ ਅੰਦਰ ਕਿਧਰੇ ਹੋਰ ਮਿਸਾਲ ਨਹੀਂ ਮਿਲਦੀ। ਉਨ੍ਹਾਂ ਸਿੱਖ ਜਗਤ ਨੂੰ ਗੁਰੂ ਦੀਆਂ ਸਿੱਖਿਆ ’ਤੇ ਚੱਲਣ ਦੀ ਅਪੀਲ ਕੀਤੀ।

ਲਗਪਗ 35 ਟਨ ਫੁੱਲਾਂ ਨਾਲ ਹਰਿਮੰਦਰ ਸਾਹਿਬ ਦੀ ਸਜਾਵਟ

ਇਸ ਦੌਰਾਨ ਮੁੰਬਈ ਤੋਂ ਆਈ ਸਿੱਖ ਸੰਗਤ ਵੱਲੋਂ ਲਗਪਗ 35 ਟਨ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਹਰਿਮੰਦਰ ਸਾਹਿਬ ਵਿੱਚ ਸਜਾਵਟ ਕੀਤੀ ਗਈ, ਜੋ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਰਹੀ। ਲਗਪਗ 100 ਕਾਰੀਗਰ ਸਜਾਵਟ ਲਈ ਪੁੱਜੇ ਹੋਏ ਹਨ। ਮੁੰਬਈ ਦੀ ਸੰਗਤ ਨੇ ਆਖਿਆ ਕਿ ਉਹ ਪਿਛਲੇ ਲਗਪਗ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਹ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਅਕਾਲ ਤਖ਼ਤ, ਹਰਿਮੰਦਰ ਸਾਹਿਬ ਅਤੇ ਵੱਖ-ਵੱਖ ਥਾਵਾਂ ’ਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ।

Advertisement
Show comments