ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੜ੍ਹੀ ਚਮਕੌਰ ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ

ਸੰਗਤ ਲਈ ਵੱਖ ਵੱਖ ਥਾਈਂ ਲੰਗਰ ਲਾਏ; ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ
ਗੁਰਦੁਆਰਾ ਜੋਤਗੜ੍ਹ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। -ਫੋਟੋ: ਬੱਬੀ
Advertisement

ਨਿੱਜੀ ਪੱਤਰ ਪ੍ਰੇਰਕ

ਚਮਕੌਰ ਸਾਹਿਬ, 30 ਦਸੰਬਰ

Advertisement

ਗੜ੍ਹੀ ਚਮਕੌਰ ਅਤੇ ਫਤਹਿਗੜ੍ਹ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਗੁਰਦੁਆਰਾ ਗੁਰੂ ਸਾਗਰ ਸਾਹਿਬ ਚੰਡੀਗੜ੍ਹ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲਿਆਂ ਦੇ ਉਪਰਾਲੇ ਸਦਕਾ ਵਿਸ਼ਾਲ ਨਗਰ ਕੀਰਤਨ ਸਥਾਨਕ ਗੁਰਦੁਆਰਾ ਸ੍ਰੀ ਜੋਤਗੜ੍ਹ ਸਾਹਿਬ ਸੱਲੋਮਾਜਰਾ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸਮੇਤ ਹੋਰ ਇੱਥੋ ਦੇ ਇਤਿਹਾਸਕ ਗੁਰਧਾਮਾਂ ਨੂੰ ਨਤਮਸਤਕ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਇਆ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਾਹਨਾਂ ’ਤੇ ਸਵਾਰ ਸੰਗਤ ਸ਼ਾਮਲ ਸੀ। ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਬਾਬਾ ਪ੍ਰਿਤਪਾਲ ਸਿੰਘ ਅਤੇ ਬਾਬਾ ਸਰੂਪ ਸਿੰਘ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਲਹੂ ਭਿੱਜੀ ਧਰਤੀ ਸਭਨਾਂ ਨੂੰ ਜੁਲਮ ਤੇ ਜਾਲਮ ਨਾਲ ਲੜਨ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਬਲਕਾਰ ਸਿੰਘ, ਭਾਈ ਜੋਗਿੰਦਰ ਸਿੰਘ, ਜਥੇਦਾਰ ਬਲਬੀਰ ਸਿੰਘ, ਦਲੀਪ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਭਾਈ ਸੁਰਿੰਦਰ ਸਿੰਘ, ਜਸਵੀਰ ਸਿੰਘ ਬੇਦੀ, ਮੋਹਨ ਸਿੰਘ ਅਤੇ ਗੁਰਵਿੰਦਰ ਸਿੰਘ ਹਾਜ਼ਰ ਸਨ।

ਮੋਰਿੰਡਾ (ਪੱਤਰ ਪ੍ਰੇਰਕ): ਪਿੰਡ ਭਟੇੜੀ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮੂਹ ਪਿੰਡ ਵਾਸੀਆਂ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਅਤੇ ਸੈਕਟਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਪੰਥ ਦੇ ਇਨ੍ਹਾਂ ਮਹਾਨ ਸ਼ਹੀਦਾਂ ਵੱਲੋਂ ਕੀਤੀ ਲਾਸਾਨੀ ਸ਼ਹਾਦਤ ਦੇ ਇਤਿਹਾਸ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਲਈ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਹਿਜ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਧਾਰਮਿਕ ਸਮਾਗਮ ਵਿੱਚ ਭਾਈ ਦਵਿੰਦਰ ਸਿੰਘ ਰਾਗੀ ਦੇ ਕੀਰਤਨੀ ਜਥੇ ਵੱਲੋਂ ਸ਼ਬਦ ਕੀਰਤਨ ਅਤੇ ਕਥਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਸੁਖਦੀਪ ਸਿੰਘ ਅਤੇ ਕਮੇਟੀ ਮੈਂਬਰਸ ਦਿਲਬਰ ਸਿੰਘ ਨਰਿੰਦਰ ਸਿੰਘ ਤੇ ਮਨਜੋਤ ਸਿੰਘ ਹਾਜ਼ਰ ਸਨ।

ਵਿਧਾਇਕ ਵੱਲੋਂ ਭੂਰੀ ਵਾਲਿਆਂ ਦੇ ਜਥੇ ਦਾ ਸਨਮਾਨ

ਸ਼ਹੀਦੀ ਸਭਾ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ। -ਫੋਟੋ: ਸੂਦ

ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਜਥੇ ਅਤੇ ਵਲੰਟੀਅਰਾਂ ਵੱਲੋਂ ਸ਼ਹੀਦੀ ਸਭਾ ਦੌਰਾਨ ਅਤੇ ਉਸ ਤੋਂ ਪਹਿਲਾਂ ਤਿਆਰੀਆਂ ਸਬੰਧੀ ਲਗਾਤਾਰ ਸਫ਼ਾਈ ਮੁਹਿੰਮ ਚਲਾਈ, ਜਿਨ੍ਹਾਂ ਵਿਚ ਭਾਈ ਅਮਰਜੀਤ ਸਿੰਘ, ਹਰਦੀਪ ਸਿੰਘ, ਮੁਖਤਾਰ ਸਿੰਘ, ਬਾਬਾ ਆਤਮਾ ਸਿੰਘ ਅਤੇ ਬਾਬਾ ਅਵਤਾਰ ਸਿੰਘ ਸ਼ਾਮਲ ਸਨ। ਇਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਥੇ ਦੇ ਮੈਂਬਰਾਂ ਅਤੇ ਵਾਲੰਟੀਅਰਾਂ ਦਾ ਹਲਕਾ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ। ਉਨ੍ਹਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਅਤੇ ਉਨ੍ਹਾਂ ਦੀ ਟੀਮ ਜਸਵੰਤ ਸਿੰਘ ਜੇਈ, ਅਜੈ ਕੁਮਾਰ ਅਤੇ ਮਨੋਜ ਕੁਮਾਰ ਦੋਵੇਂ ਸੈਨੇਟਰੀ ਇੰਸਪੈਕਟਰ, ਰੌਬਿਨ ਜਲੋਟਾ ਜੇਈ, ਗੋਲਡੀ ਸੁਪਰਵਾਈਜ਼ਰ ਅਤੇ ਸਨੀ ਮੇਟ ਦਾ ਵੀ ਸਨਮਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿਲ, ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ, ਕੌਂਸਲਰ ਪ੍ਰਿਤਪਾਲ ਸਿੰਘ ਜੱਸੀ, ਸਤੀਸ਼ ਕੁਮਾਰ, ਬੀਐੱਸ ਸੋਢੀ ਅਤੇ ਪੀਏ ਰਣਧੀਰ ਸਿੰਘ ਹਾਜ਼ਰ ਸਨ।

ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ਲੋਕ ਅਰਪਣ

ਪੁਸਤਕ ਲੋਕ ਅਰਪਣ ਕਰਦੇ ਹੋਏ ਪਤਵੰਤੇ।

ਫਤਿਹਗੜ੍ਹ ਸਾਹਿਬ (ਟ੍ਰਿਬਿਊਨ ਨਿਊਜ਼ ਸਰਵਿਸ): ਸੰਤ ਬਲਵੰਤ ਸਿੰਘ ਜੀ ਮਹਾਰਾਜ ਚੈਰੀਟੇਬਲ ਟਰੱਸਟ ਵੱਲੋਂ ਸੰਤ ਖਾਲਸਾ ਦੇ ਸਥਾਨਕ ਮਾਤਾ ਗੁਜਰੀ ਸਰਾਇ ਸਥਿਤ ਮੁੱਖ ਦਫਤਰ ਵੱਲੋਂ ਸ਼ਹੀਦੀ ਜੋੜ ਮੇਲ ਦੇ ਆਖਰੀ ਦਿਨ ਸੰਤਾਂ ਮਹਾਂ ਪੁਰਸ਼ਾਂ ਨੇ ਡਾ. ਗੁਰਦੇਵ ਸਿੰਘ ਸਿੱਧੂ ਦੀ ਲਿਖੀ ਪੁਸਤਕ ‘ਅਣਗੌਲਿਆ ਆਜ਼ਾਦੀ ਘੁਲਾਟੀਆ: ਗਿਆਨੀ ਊਧਮ ਸਿੰਘ’ ਲੋਕ ਅਰਪਣ ਕੀਤੀ। ਬੀਬਾ ਬਲਵੰਤ ਪੰਧੇਰ ਨੇ ਦੱਸਿਆ ਕਿ ਸ਼ਾਇਦ ਵਿਰਲੇ ਸੁਤੰਤਰਤਾ ਸੈਨਾਨੀ ਹੋਣਗੇ ਜਿਨ੍ਹਾਂ ਨੇ ਗਿਆਨੀ ਜੀ ਵਾਂਗ ਦੇਸ਼ ਆਜ਼ਾਦੀ ਖਾਤਰ ਤਿੰਨ ਹੁਕਮਰਾਨਾਂ, ਦੋ ਰਿਆਸਤਾਂ ਨਾਭਾ ਅਤੇ ਪਟਿਆਲਾ ਅਤੇ ਤੀਜੀ ਪੰਜਾਬ ਸਰਕਾਰ ਦੀਆਂ ਜੇਲ੍ਹਾਂ ਦੇ ਦੁੱਖ ਝਾਗੇ। ਦੂਜੀ ਸੰਸਾਰ ਜੰਗ ਵੇਲੇ ਮੇਰਠ ਛਾਉਣੀ ਵਿਚ ਬਗਾਵਤ ਭੜਕਾਉਣ ਦੇ ਦੋਸ਼ ਵਿਚ ਗਿਆਨੀ ਜੀ ਨੂੰ ਬਿਨਾਂ ਮੁਕੱਦਮਾ ਚਲਾਏ ਬੰਗਾਲ ਰੈਗੂਲੇਸ਼ਨਜ਼ ਨੰ: 3 ਅਤੇ ਡਿਫੈਂਸ ਆਫ ਇੰਡੀਆ ਐਕਟ ਅਧੀਨ ਪਹਿਲਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਅਤੇ ਫਿਰ ਹੋਰ ਜੇਲਾਂ ਵਿਚ ਚਾਰ ਸਾਲ ਤੋਂ ਵੱਧ ਸਮਾਂ ਬੰਦੀ ਬਣਾ ਕੇ ਰੱਖਿਆ ਗਿਆ। ਟਰੱਸਟ ਦੀ ਚੇਅਰਪਰਸਨ ਬੀਬਾ ਸਾਹਿਬ ਬੀਬਾ ਮਨਜੀਤ ਕੌਰ ਨੇ ਕਿਹਾ ਕਿ ਦੇਸ਼ ਭਗਤਾਂ ਦੀ ਕਦਰ ਕਰਨੀ ਸਾਨੂੰ ਸੰਤ ਜੀ ਨੇ ਸਿਖਾਈ ਜਿਨ੍ਹਾਂ ਨੇ ਅਕਾਲੀ ਲਹਿਰ ਦੌਰਾਨ ਨਾਭਾ ਰਿਆਸਤ ਵਿੱਚੋਂ ਕੱਢੇ ਗਏ ਦੇਸ਼ ਭਗਤਾਂ ਦੇ ਨਾਂ ਉਜਾਗਰ ਕਰਨ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਇਸ ਪੁਸਤਕ ਦਾ ਪ੍ਰਕਾਸ਼ਨ ਸੰਤ ਜੀ ਵੱਲੋਂ ਸ਼ੁਰੂ ਕੀਤੇ ਕਾਰਜਾਂ ਦੀ ਨਿਰੰਤਰਤਾ ਦੀ ਇਕ ਕੜੀ ਹੈ।

Advertisement
Show comments