ਗੁਰਦੁਆਰਾ ਮਟਨ ਸਾਹਿਬ ਤੋਂ ਨਗਰ ਕੀਰਤਨ ਆਰੰਭ
ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਜਾ ਇਤਿਹਾਸਕ ਨਗਰ ਕੀਰਤਨ ਅੱਜ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮਟਨ ਸਾਹਿਬ (ਕਸ਼ਮੀਰ) ਤੋਂ ਖਾਲਸਾਈ ਜਾਹੋ-ਜਲਾਲ ਨਾਲ ਆਰੰਭ ਕੀਤਾ ਗਿਆ। ਇਹ ਪੁਕਾਰ ਦਿਵਸ ਨਗਰ ਕੀਰਤਨ ਪੰਡਤ ਕਿਰਪਾ ਰਾਮ ਜੀ ਦੇ ਕਸ਼ਮੀਰੀ ਪੰਡਤਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ’ਚ ਗੁਰੂ ਤੇਗ ਬਹਾਦਰ ਜੀ ਕੋਲੋ ਜਾ ਕੇ ਧਰਮ ਦੀ ਰੱਖਿਆ ਲਈ ਕੀਤੀ ਪੁਕਾਰ ਦੀ ਯਾਦ ਵਿੱਚ ਸਜਾਇਆ ਗਿਆ ਹੈ। ਇਸ ਤੋਂ ਪਹਿਲਾਂ ਇੱਕ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਵੀ ਸਜਾਇਆ ਗਿਆ ਹੈ।
ਗੁਰਦੁਆਰਾ ਮਟਨ ਸਾਹਿਬ ਤੋਂ ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ, ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਬੀਬੀ ਹਰਜਿੰਦਰ ਕੌਰ ਨੇ ਸ਼ਮੂਲੀਅਤ ਕੀਤੀ। ਆਰੰਭਤਾ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਮਗਰੋਂ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ। ਅਰਦਾਸ ਮਹੰਤ ਮਨਜੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਨੇ ਲਿਆ। ਇਸ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਧਰਮ ਦੀ ਵਿਲੱਖਣਤਾ ਹੈ ਕਿ ਆਪਣੇ ਗੁਰੂ ਸਾਹਿਬਾਨ ਦੇ ਨਾਲ-ਨਾਲ ਇਤਿਹਾਸ ਦੇ ਪਾਤਰ ਸਿੱਖ ਸੇਵਕਾਂ ਨੂੰ ਵੀ ਯਾਦ ਰੱਖਿਆ ਜਾਂਦਾ ਹੈ। ਗੁਰਦੁਆਰਾ ਮਟਨ ਸਾਹਿਬ ਨਾਲ ਸਬੰਧਤ ਮਾਮਲੇ ਬਾਰੇ ਉਨ੍ਹਾਂ ਸਾਰੀਆਂ ਧਿਰਾਂ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਅਪੀਲ ਕੀਤੀ। ਸ਼ਤਾਬਦੀ ਸਮਾਗਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਸੰਕਲਪ ਦਾ ਸੁਨੇਹਾ ਘਰ ਘਰ ਤਕ ਪਹੁੰਚਣ ਲਈ ਨਗਰ ਕੀਰਤਨ ਸਜਾਏ ਗਏ ਹਨ, ਜਿਸ ਪ੍ਰਤੀ ਸੰਗਤਾਂ ਦਾ ਉਤਸ਼ਾਹ ਇਸ ਦੀ ਸਫ਼ਲਤਾ ਨੂੰ ਬਿਆਨ ਕਰਦਾ ਹੈ। ਉਨ੍ਹਾਂ ਸੰਗਤ ਨੂੰ 23 ਤੋਂ 29 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿੱਤ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।
ਇਸੇ ਦੌਰਾਨ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੇ ਪੰਡਤ ਕਿਰਪਾ ਰਾਮ ਜੀ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਮੰਦਰ ਟਰੱਸਟ ਦੇ ਚੇਅਰਮੈਨ ਅਸ਼ੋਕ ਕੁਮਾਰ ਨੇ ਕਿਹਾ ਕਿ ਮਟਨ ਦੇ ਹਿੰਦੂ-ਸਿੱਖਾਂ ਵਿੱਚ ਭਾਈਚਾਰਕ ਸਾਂਝ ਹੈ ਅਤੇ ਉਹ ਇਕ ਦੂਜੇ ਦੇ ਸਹਿਯੋਗ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਮਟਨ ਸਾਹਿਬ ਤੋਂ ਜੰਮੂ ਨੂੰ ਜਾਂਦਿਆਂ ਰਸਤੇ ਵਿਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।
