ਨਾਭਾ ਕੌਂਸਲ ਪ੍ਰਧਾਨ ਦੇ ਪਤੀ ’ਤੇ ਸੋਫੇ ਚੋਰੀ ਕਰਨ ਦਾ ਦੋਸ਼
ਨਾਭਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦਾ ਪਤੀ ਪੰਕਜ ਪੱਪੂ ਮੁੜ ਵਿਵਾਦਾਂ ਹਨ। ਪੰਕਜ ਖ਼ਿਲਾਫ਼ ਪਹਿਲਾਂ ਕਿਸਾਨ ਮੋਰਚੇ ਤੋਂ ਟਰਾਲੀਆਂ ਚੋਰੀ ਕਰਨ ਦੇ ਦੋਸ਼ ਹੇਠ ਦੋ ਕੇਸ ਦਰਜ ਹਨ। ਹੁਣ ਕੁਝ ਕੌਂਸਲਰਾਂ ਨੇ ਜਨਤਕ ਤੌਰ ’ਤੇ ਦੋਸ਼ ਲਾਏ ਹਨ ਕਿ ਪੱਪੂ ਨੇ ਨਗਰ ਕੌਂਸਲ ਦੇ ਸੋਫੇ ਚੋਰੀ ਕਰ ਕੇ ਆਪਣੇ ਦਫ਼ਤਰ ਵਿੱਚ ਲਗਾ ਲਏ ਹਨ। ਉਨ੍ਹਾਂ ਨਾਭਾ ਕੋਤਵਾਲੀ ’ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦੋ ਦਿਨ ਪਹਿਲਾਂ ਪੱਪੂ ਨੇ ਆਪਣੀ ਦੁਕਾਨ ਵਿੱਚ ਬਣਾਏ ‘ਆਪ’ ਦੇ ਨਵੇਂ ਦਫ਼ਤਰ ਦੀ ਵੀਡੀਓ ਫੇਸਬੁੱਕ ’ਤੇ ਸਾਂਝੀ ਕੀਤੀ ਸੀ। ਦੋ ਸਾਬਕਾ ਨਗਰ ਕੌਂਸਲ ਪ੍ਰਧਾਨਾਂ ਗੁਰਸੇਵਕ ਸਿੰਘ ਅਤੇ ਗੁਰਬਖਸ਼ੀਸ਼ ਸਿੰਘ ਭੱਟੀ ਨੇ ਵੀਡੀਓ ਦੇਖ ਕੇ ਦੋਸ਼ ਲਗਾਇਆ ਕਿ ਇਹ ਸੋਫੇ ਨਗਰ ਕੌਂਸਲ ਦੇ ਹਨ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਦੇਖਣ ਮਗਰੋਂ ਉਨ੍ਹਾਂ ਕੌਂਸਲ ਦਫ਼ਤਰ ਜਾ ਕੇ ਪਤਾ ਕੀਤਾ ਤਾਂ ਸੋਫੇ ਸਟੋਰ ’ਚੋਂ ਗਾਇਬ ਸਨ। ਉਨ੍ਹਾਂ ਜਦੋਂ ਪੰਕਜ ਦੀ ਦੁਕਾਨ ’ਤੇ ਜਾ ਕੇ ਦੇਖਿਆ ਤਾਂ ਉੱਥੇ ਸੋਫਿਆਂ ਦਾ ਕੱਪੜਾ ਢਕਣ ਲਈ ਉੱਪਰ ਕੋਈ ਹੋਰ ਕੱਪੜਾ ਚੜ੍ਹਾਇਆ (ਚਿਪਕਾਇਆ) ਜਾ ਰਿਹਾ ਸੀ। ਉਨ੍ਹਾਂ ਜਦੋਂ ਇਸ ਦੀ ਵੀਡੀਓ ਬਣਾਈ ਤਾਂ ਕੱਪੜਾ ਚੜ੍ਹਾਉਣ ਵਾਲੇ ਕਾਮੇ ਉੱਥੋਂ ਚਲੇ ਗਏ। ਇਸ ਮਗਰੋਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਹ ਮਾਮਲਾ ਲੋਕਾਂ ਸਾਹਮਣੇ ਰੱਖਿਆ। ਗੁਰਸੇਵਕ ਤੇ ਭੱਟੀ ਨੇ ਕਿਹਾ ਕਿ ਰੌਲਾ ਪੈਣ ਦੇ ਕੁਝ ਘੰਟਿਆਂ ਬਾਅਦ ਪੰਕਜ ਨੇ ਇਹ ਸੋਫੇ ਰੇਹੜੀ ਉੱਪਰ ਲੱਦ ਕੇ ਆਪਣੇ ਪਿਤਾ ਦੀ ਉਸ ਦੁਕਾਨ ਵੱਲ ਭੇਜ ਦਿੱਤੇ, ਜਿੱਥੋਂ ਕਿਸਾਨਾਂ ਦੀ ਟਰਾਲੀਆਂ ਦਾ ਸਾਮਾਨ ਮਿਲਿਆ ਸੀ। ਉਨ੍ਹਾਂ ਰੇਹੜੀ ਵਾਲਾ ਰਸਤੇ ਵਿੱਚ ਰੋਕ ਲਿਆ ਤੇ ਸੋਫੇ ਕੋਤਵਾਲੀ ਪਹੁੰਚਾ ਦਿੱਤੇ ਤੇ ਪੰਕਜ ਖ਼ਿਲਾਫ਼ ਕੌਂਸਲ ਦੇ ਸੋਫੇ ਕਥਿਤ ਚੋਰੀ ਕਰਨ ਦੀ ਲਿਖਤੀ ਸ਼ਿਕਾਇਤ ਦਿੱਤੀ। ਟਰਾਲੀ ਚੋਰੀ ਦੇ ਦੋਸ਼ਾਂ ਮਗਰੋਂ ਕੌਂਸਲ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਉੱਠੀ ਪਰ ਵਿਧਾਇਕ ਨੇ ਪ੍ਰਧਾਨ ਸੁਜਾਤਾ ਚਾਵਲਾ ਨੂੰ ਛੁੱਟੀ ’ਤੇ ਭੇਜ ਦਿੱਤਾ ਸੀ। ਦੂਜੇ ਪਾਸੇ ਕੌਂਸਲਰਾਂ ਦਾ ਦੋਸ਼ ਹੈ ਕਿ ਪੰਕਜ ਉਸੇ ਤਰ੍ਹਾਂ ਕੌਂਸਲ ਦਫ਼ਤਰ ਵਿੱਚ ਸਰਗਰਮ ਹੈ। ਇਸ ਦੌਰਾਨ ਪੰਕਜ ਪੱਪੂ ਨੇ ਹੁਣ ਨਵੇਂ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਇਸ ਨੂੰ ਵਿਰੋਧੀਆਂ ਦਾ ਗਲਤ ਪ੍ਰਚਾਰ ਕਰਾਰ ਦਿੱਤਾ। ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਸੋਫੇ ਮੁਰੰਮਤ ਲਈ ਭੇਜੇ ਹੋਏ ਸਨ। ਉਹ ਸਬੰਧਤ ਦੁਕਾਨਦਾਰ ਕੋਲੋਂ ਪੜਤਾਲ ਕਰਨਗੇ ਕਿ ਇਹ ਕਿਸੇ ਦੇ ਨਿੱਜੀ ਦਫ਼ਤਰ ’ਚ ਕਿਵੇਂ ਪੁੱਜੇ। ਨਾਭਾ ਕੋਤਵਾਲੀ ਦੇ ਐੱਸ ਐੱਚ ਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ਿਕਾਇਤ ’ਤੇ ਪੜਤਾਲ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
