ਮਾਲੇਰਕੋਟਲਾ ਜੇਲ੍ਹ ’ਚ ਨੌਜਵਾਨ ਦੀ ਭੇਤਭਰੀ ਮੌਤ
ਇਥੇ ਸਬ-ਜੇਲ੍ਹ ਵਿੱਚ ਇਕ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਲੁਧਿਆਣਾ ਵਾਸੀ ਨੌਜਵਾਨ ਦੀ ਬੀਤੀ ਰਾਤ ਭੇਤ-ਭਰੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰੰਮਦ ਸ਼ਹਿਜ਼ਾਦ (29) ਵਾਸੀ ਢੰਡਾਰੀ ਖੁਰਦ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਸੀ। ਉਸ ਨੂੰ ਪਿਛਲੇ ਸਾਲ ਲੁਧਿਆਣਾ ਤੋਂ ਸਬ ਜੇਲ੍ਹ ਮਾਲੇਰਕੋਟਲਾ ਲਿਆਂਦਾ ਗਿਆ ਸੀ।
ਜੇਲ੍ਹ ਸੁਪਰਡੈਂਟ ਪ੍ਰਦੂਮਣ ਸਿੰਘ ਤੇਈਪੁਰ ਦੇ ਮੁਤਾਬਕ ਨੌਜਵਾਨ ਬੈਰਕ ਅੰਦਰ ਕਸਰਤ ਕਰਨ ਮਗਰੋਂ ਬਾਥਰੂਮ ਗਿਆ ਤਾਂ ਉਸ ਨੂੰ ਦੌਰਾ ਪੈ ਗਿਆ। ਜੇਲ੍ਹ ਦੇ ਡਾਕਟਰ ਵੱਲੋਂ ਉਸ ਦੀ ਹਾਲਤ ਨੂੰ ਵੇਖਦਿਆਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਭੇਜਿਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇੇਗਾ। ਮ੍ਰਿਤਕ ਕੈਦੀ ਦੇ ਪਿਤਾ ਮੁਹੰਮਦ ਕਦਸ ਨੇ ਆਪਣੇ ਪੁੱਤਰ ਦੀ ਮੌਤ ’ਤੇ ਸਵਾਲ ਉਠਾਏ ਹਨ। ਉਸ ਵੱਲੋਂ ਥਾਣਾ ਸਿਟੀ-1 ਮਾਲੇਰਕੋਟਲਾ ਦੇ ਤਫਤੀਸ਼ੀ ਅਧਿਕਾਰੀ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਪੁੱਤਰ ਦੀ ਮੌਤ ਕੁਦਰਤੀ ਨਹੀਂ ਹੈ ਕਿਉਂਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਥਾਣਾ ਸਿਟੀ-1 ਮਾਲੇਰਕੋਟਲਾ ਦੀ ਪੁਲੀਸ ਨੇ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਤਿੰਨ ਮੈਂਬਰੀ ਡਾਕਟਰਾਂ ਦੇ ਬੋਰਡ ਕੋਲੋਂ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।