ਮੁਸਲਿਮ ਭਾਈਚਾਰੇ ਨੇ ਫਿਰੋਜ਼ਪੁਰ ਦੇ ਪਿੰਡਾਂ ’ਚ ਰਾਹਤ ਸਮੱਗਰੀ ਵੰਡੀ
ਪ੍ਰਧਾਨ ਪੀਰ ਅਬਦੁਲ ਰਵਾਬ ਚਿਸਤੀ ਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ, ਹਰੀਆਂ ਸਬਜ਼ੀਆਂ, ਹਰਾ ਚਾਰਾ ਤਬਾਹ ਹੋ ਗਈਆਂ ਹਨ, ਉੱਥੇ ਕੁਝ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਸਾਈਂ ਮੀਆਂ ਮੀਰ ਫਾਊਂਡੇਸ਼ਨ ਕੋਲ ਪਹੁੰਚੇ ਹਨ।
ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਮਹਾਲਮ ਪ੍ਰਧਾਨ ਪੀਰ ਅਬਦੁਲ ਰਵਾਬ ਚਿਸਤੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਹੜ੍ਹ ਪੀੜਤ ਪਿੰਡਾਂ ਵਿੱਚ ਲੈ ਕੇ ਗਏ, ਜਿੱਥੇ ਮੁਸਲਿਮ ਭਾਈਚਾਰੇ ਵੱਲੋਂ ਲਿਆਂਦੇ ਗਏ ਰਾਸ਼ਨ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੰਡਿਆ। ਮੁਸਲਿਮ ਭਾਈਚਾਰੇ ਵੱਲੋਂ ਹੜ੍ਹ ਪੀੜਤਾਂ ਲਈ ਆਟਾ, ਚਾਵਲ, ਰਿਫਾਇੰਡ, ਦਾਲਾਂ, ਚਾਹ ਪੱਤੀ, ਆਦਿ ਤੋਂ ਇਲਾਵਾ ਮੁਸਲਮਾਨ ਵੀਰਾਂ ਵੱਲੋਂ ਕੱਪੜੇ ਦੇ ਥਾਨ ਨਾਲ ਲਿਆਂਦੇ ਗਏ ਅਤੇ ਬੀਬੀਆਂ ਨੂੰ ਪੰਜ ਪੰਜ ਮੀਟਰ ਦੇ ਸੂਟਾਂ ਦਾ ਕੱਪੜਾ ਦਿੱਤਾ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵੱਖ-ਵੱਖ ਬਿਮਾਰੀਆਂ ਦੀਆਂ ਦਵਾਈਆਂ ਵੀ ਵੰਡੀਆਂ ਗਈਆਂ।
ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਮਹਾਲਮ ਨੇ ਕਿਹਾ ਕਿ ਉਹਨਾਂ ਪੰਜਾਬ ਵਾਸੀਆਂ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਮੁਸਲਿਮ ਭਾਈਚਾਰੇ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ। ਮੁਸਲਿਮ ਭਾਈਚਾਰੇ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਰਸ਼ਨ ਕਰਨ ਦੀ ਇੱਛਾ ’ਤੇ ਫਾਊਂਡੇਸ਼ਨ ਵੱਲੋਂ ਮੁਸਲਿਮ ਭਾਈਚਾਰੇ ਦਾ ਸ੍ਰੀ ਅੰਮ੍ਰਿਤਸਰ ਵਿਚ ਰਹਿਣ ਆਦਿ ਦਾ ਪ੍ਰਬੰਧ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਏ ਐਜੂਕੇਸ਼ਨ ਸੁਸਾਇਟੀ ਦੇ ਮੈਂਬਰ ਪ੍ਰਿੰਸੀਪਲ ਅਬਦੁਲ ਰਹਿਮਾਨ, ਪੀਰ ਸੁਲੇਮਾਨ ਫਾਰੂਕੀ, ਫੈਸਲ ਕੁਰੈਸ਼ੀ ਅਤੇ ਕਾਦਰ ਬਖਸ਼ ਹਾਜ਼ਰ ਸਨ।