ਮੂਸੇਵਾਲਾ ਕਤਲ: ਮੁਲਜ਼ਮ ਹੁਣ ਵਿਅਕਤੀਗਤ ਤੌਰ ’ਤੇ ਹੋਣਗੇ ਅਦਾਲਤ ਵਿੱਚ ਪੇਸ਼
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਇੱਥੇ ਅਦਾਲਤ ਵਿੱਚ ਪੰਜਾਬੀ ਗਾਇਕ ਕਤਲ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਅਪੀਲ ਕੀਤੀ ਕਿ ਸਾਰੇ ਕਸੂਰਵਾਰਾਂ ਨੂੰ ਅਗਲੀ ਪੇਸ਼ੀ ਦੌਰਾਨ ਵੀਡੀਓ ਕਾਨਫਰੰਸ ਦੀ ਥਾਂ ਵਿਅਕਤੀਗਤ ਰੂਪ ਵਿੱਚ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੁਢਾਪੇ ਕਾਰਨ ਉਸ ਦੀ ਨਿਗ੍ਹਾ ਘਟ ਗਈ ਹੈ, ਜਿਸ ਕਾਰਨ ਟੀ.ਵੀ ’ਤੇ ਮੁਲਜ਼ਮਾਂ ਨੂੰ ਸਾਫ਼ ਨਹੀਂ ਦੇਖਿਆ ਜਾ ਸਕਦਾ। ਉਹ ਆਪਣੇ ਪੁੱਤ ਦੇ ਕਾਤਲਾਂ ਨੂੰ ਆਪਣੀਆਂ ਅੱਖਾਂ ਨਾਲ ਅਦਾਲਤ ਵਿੱਚ ਦੇਖਣਾ ਚਾਹੁੰਦਾ ਹੈ। ਉਹ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਹੋਏ ਸਨ। ਅਦਾਲਤ ਵੱਲੋਂ ਉਨ੍ਹਾਂ ਦੀ ਅਪੀਲ ਨੂੰ ਗੰਭੀਰਤਾ ਨਾਲ ਲੈਂਦਿਆਂ ਜੇਲ੍ਹ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਸਾਰੇ ਮੁਲਾਜ਼ਮਾਂ ਨੂੰ ਅਗਲੀ ਪੇਸ਼ੀ 26 ਸਤੰਬਰ ਨੂੰ ਵਿਅਕਤੀਗਤ ਰੂਪ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਮੁਲਜ਼ਮਾਂ ਦੇ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਮਾਮਲਾ ਨਿਆਂ ਵਾਲੇ ਪਾਸੇ ਤੁਰਨ ਦੀ ਆਸ ਜਾਪਣ ਲੱਗੀ ਹੈੈ। ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅਦਾਲਤ ਨੇ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ, ਉਸ ਦੇ ਸਾਥੀ ਬਲਦੇਵ ਨਿੱਕੂ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕੁਲਦੀਪ ਉਰਫ਼ ਕਸ਼ਿਸ਼ ਅਤੇ ਦੀਪਕ ਮੁੰਡੀ ਨੂੰ 26 ਸਤੰਬਰ ਨੂੰ ਸਰੀਰਕ ਤੌਰ ’ਤੇ ਪੇਸ਼ ਕਰਨ ਲਈ ਜੇਲ੍ਹ ਪ੍ਰਸ਼ਾਸ਼ਨ ਨੂੰ ਹੁਕਮ ਦਿੱਤੇ ਹਨ।