ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪੁਲੀਸ ਜ਼ਿਲ੍ਹਾ ਦਿਹਾਤੀ ਅਧੀਨ ਪਿੰਡ ਬੋਪਾਰਾਏ ਖੁਰਦ ਵਿੱਚ ਬੀਤੀ ਰਾਤ ਰੰਜਿਸ਼ ਕਾਰਨ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ, ਜਦਕਿ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਹਰੀ ਸਿੰਘ ਵਾਸੀ ਪਿੰਡ ਬੋਪਾਰਾਏ ਖੁਰਦ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਵਿੱਚ ਹਰਜਿੰਦਰ ਸਿੰਘ, ਸਤਵੰਤ ਸਿੰਘ, ਲਖਬੀਰ ਸਿੰਘ ਤੇ ਹਰਪ੍ਰੀਤ ਸਿੰਘ ਸ਼ਾਮਲ ਹਨ। ਪੁਲੀਸ ਨੇ ਇਸ ਸਬੰਧੀ ਹਰੀ ਸਿੰਘ ਦੇ ਪੁੱਤਰ ਜਸਬੀਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਲੋਪੋਕੇ ਵਿੱਚ ਰਣਜੀਤ ਸਿੰਘ, ਰਸ਼ਪਾਲ ਸਿੰਘ, ਅਜਮੇਰ ਸਿੰਘ ਅਤੇ ਗੁਰਤਾਜ ਸਿੰਘ ਸਮੇਤ 11 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਸਬੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 9 ਵਜੇ ਉਹ, ਉਸ ਦਾ ਪਿਤਾ, ਭਰਾ ਤੇ ਚਾਚੇ ਦਾ ਲੜਕਾ ਪਿੰਡ ਦੀ ਆਟਾ ਚੱਕੀ ’ਤੇ ਬੈਠੇ ਸਨ, ਜਦੋਂ ਉਹ ਦੁਕਾਨ ਬੰਦ ਕਰਕੇ ਬਾਹਰ ਗੱਲਾਂ ਕਰ ਰਹੇ ਸਨ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਵਿਅਕਤੀ ਨੇ ਉਸ ਦੇ ਪਿਤਾ ਹਰੀ ਸਿੰਘ ’ਤੇ ਗੰਡਾਸੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੌਲਾ ਪੈਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਝਗੜੇ ਦਾ ਕਾਰਨ ਤਿੰਨ-ਚਾਰ ਮਹੀਨੇ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਕਾਂਗਰਸੀ ਆਗੂ ’ਤੇ ਗੋਲੀਆਂ ਚਲਾਈਆਂ
ਤਰਨ ਤਾਰਨ (ਗੁਰਬਖਸ਼ਪੁਰੀ): ਬਲਾਕ ਕਾਂਗਰਸ ਕਮੇਟੀ ਚੋਹਲਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ ’ਤੇ ਕੱਲ੍ਹ ਦੋ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ| ਨਿਸ਼ਾਨਾ ਸਹੀ ਨਾ ਲੱਗਣ ਕਾਰਨਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਮਲਾਵਰਾਂ ਵਿੱਚੋਂ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ। ਭੁਪਿੰਦਰ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਕਿਸੇ ਨੂੰ ਫੋਨ ਕਰ ਰਿਹਾ ਸੀ। ਇਸ ਦੌਰਾਨ ਭੁਪਿੰਦਰ ਦੀ ਦੁਕਾਨ ਸਾਹਮਣੇ ਆਇਆ ਤੇ ਉਸ ਵੱਲ ਆਪਣੇ ਪਿਸਤੌਲ ਨਾਲ ਦੋ ਗੋਲੀਆਂ ਚਲਾ ਦਿੱਤੀਆਂ| ਨਿਸ਼ਾਨਾ ਸਹੀ ਨਾ ਲੱਗਣ ਕਾਰਨ ਉਸ ਦਾ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ| ਵਾਰਦਾਤ ਉਪਰੰਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਚੋਹਲਾ ਸਾਹਿਬ ਥਾਣੇ ਦੇ ਏ ਐੱਸ ਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।