ਦੋਸਤਾਂ ਨਾਲ ਮਿਲ ਕੇ ਪਿਤਾ ਦਾ ਕਤਲ
ਡਾ. ਹਿਮਾਂਸੂ ਸੂਦ
ਪਿੰਡ ਚਨਾਥਲ ਕਲਾਂ ਦੇ ਨੌਜਵਾਨ ਵੱਲੋਂ ਦੋਸਤਾਂ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ, ਜਿਸ ਸਬੰਧੀ ਮ੍ਰਿਤਕ ਦੀ ਧੀ ਜਸਵਿੰਦਰ ਕੌਰ ਵਾਸੀ ਖੰਨਾ ਦੇ ਬਿਆਨ ’ਤੇ ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਉਸ ਦੇ ਪਿਤਾ ਸੁਖਜਿੰਦਰ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਫਿਟਰ ਸਨ। ਉਸ ਦੇ ਭਰਾ ਰਵਿੰਦਰ ਸਿੰਘ ਦਾ ਵਿਆਹ 2023 ਵਿੱਚ ਅਨੂ ਰਾਣੀ ਵਾਸੀ ਬਸੀ ਇਸੇ ਖਾਂ ਥਾਣਾ ਬਨੂੜ ਨਾਲ ਹੋਇਆ, ਜਿਨ੍ਹਾਂ ਕੋਲ ਇਕ ਸਾਲ ਦਾ ਬੱਚਾ ਹੈ। ਉਸ ਦੇ ਕੰਮ ਨਾ ਕਰਨ ਅਤੇ ਕਥਿਤ ਨਸ਼ੇ ਕਰਨ ਕਾਰਨ ਘਰ ਵਿਚ ਝਗੜਾ ਰਹਿੰਦਾ ਸੀ ਅਤੇ ਉਸ ਦੀ ਪਤਨੀ ਵੀ ਕਰੀਬ 2 ਮਹੀਨੇ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ। ਉਸ ਨੇ ਦੱਸਿਆ ਕਿ 27 ਅਕਤੂਬਰ ਨੂੰ ਜਦੋਂ ਉਸ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ ਤਾਂ ਫੋਨ ਨਾ ਚੁੱਕਣ ਕਾਰਨ ਉਸ ਨੇ ਆਪਣੇ ਭਰਾ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਦੋਸਤ ਕੋਲ ਹੈ ਘਰ ਜਾ ਕੇ ਦੱਸਦਾ ਹੈ ਪ੍ਰੰਤੂ ਉਸ ਦੇ ਨਾ ਦੱਸਣ ਕਾਰਨ ਅਗਲੇ ਦਿਨ ਜਦ ਉਹ ਆਪਣੇ ਪੇਕੇ ਆਈ ਤਾਂ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ। ਉਸ ਨੇ ਆਪਣੇ ਭਰਾ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਪਿਤਾ ਦੀ ਭਾਖੜਾ ਨਹਿਰ ਵਿਚ ਤਲਾਸ਼ ਕਰਨ ਗਿਆ ਹੈ ਕਿਉਂਕਿ ਜਖਵਾਲੀ ਨਜ਼ਦੀਕ ਉਨ੍ਹਾਂ ਦੇ ਬੂਟ, ਮੋਬਾਈਲ ਅਤੇ ਪਰਨਾ ਮਿਲੇ ਹਨ। 30 ਅਕਤੂਬਰ ਨੂੰ ਰਿਸ਼ਤੇਦਾਰਾਂ ਦੇ ਕਹਿਣ ’ਤੇ ਉਸ ਦੇ ਭਰਾ ਨੇ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ, ਜਿਨ੍ਹਾਂ ਦੀ ਲਾਸ਼ ਸਮਾਣਾ ਨਜ਼ਦੀਕ ਪਿੰਡ ਧਨੇਠਾ ਭਾਖੜਾ ਨਹਿਰ ਵਿਚੋਂ ਮਿਲੀ, ਜਿਨ੍ਹਾਂ ਦੇ ਸਰੀਰ ਉਪਰ ਤੇਜ਼ਧਾਰ ਹਥਿਆਰਾਂ ਦੀਆਂ ਡੂੰਘੀਆਂ ਸੱਟਾਂ ਸਨ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੇ ਹੋਰਾਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟ ਕੇ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਹੈ। ਪੁਲੀਸ ਨੇ ਰਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
