ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਦਾ ਕਤਲ
ਭੁਪਿੰਦਰ ਪੰਨੀਵਾਲੀਆ
ਇੱਥੋਂ ਦੇ ਪਿੰਡ ਰੱਤਾਖੇੜਾ ਵਿੱਚ ਇੱਕ ਬਜ਼ੁਰਗ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਸਵੇਰੇ ਜਦੋਂ ਪਿੰਡ ਵਾਸੀਆਂ ਨੇ ਗਲੀ ਵਿੱਚ ਖੂਨ ਨਾਲ ਲੱਥ ਪੱਥ ਲਾਸ਼ ਦੇਖੀ ਤਾਂ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਥਾਣਾ ਔਢਾਂ ਦੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਰੱਤਾਖੇੜਾ ਦੇ ਰਹਿਣ ਵਾਲੇ ਅਮੀ ਲਾਲ ਭਾਕਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮੀ ਲਾਲ ਬੁੱਧਵਾਰ ਰਾਤ ਦਸ ਵਜੇ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਸੈਰ ਕਰਨ ਜਾ ਰਿਹਾ ਹੈ ਅਤੇ 12 ਵਜੇ ਉਸ ਨੂੰ ਪਿੰਡ ਵਿਚਲੀ ਲਾਇਬ੍ਰੇਰੀ ਨੇੜੇ ਦੇਖਿਆ ਗਿਆ। ਮ੍ਰਿਤਕ ਦੇ ਚਚੇਰੇ ਭਰਾ ਹਰਚੰਦ ਨੇ ਦੱਸਿਆ ਕਿ ਵੀਰਵਾਰ ਸਵੇਰੇ ਗਊਸ਼ਾਲਾ ਜਾਂਦੇ ਸਮੇਂ ਉਸ ਨੇ ਹਨੂਮਾਨ ਮੰਦਰ ਦੇ ਨੇੜੇ ਗਲੀ ਵਿੱਚ ਲਾਸ਼ ਦੇਖੀ ਅਤੇ ਰੌਲਾ ਪਾਇਆ, ਜਿਸ ’ਤੇ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਅਨੁਸਾਰ ਸਿਰ, ਮੱਥੇ, ਅੱਖਾਂ ਅਤੇ ਨੱਕ ’ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ। ਸੂਚਨਾ ਮਿਲਦੇ ਹੀ ਥਾਣਾ ਔਢਾਂ ਦੇ ਇੰਚਾਰਜ ਬ੍ਰਹਮ ਪ੍ਰਕਾਸ਼, ਡੀਐੱਸਪੀ ਕਾਲਾਂਵਾਲੀ, ਕ੍ਰਾਈਮ ਟੀਮ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਥਾਣਾ ਇੰਚਾਰਜ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦਿਨੇਸ਼ ਕੁਮਾਰ ਦੇ ਬਿਆਨ ’ਤੇ ਅਣਪਛਾਤਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।