ਕਤਲ ਮਾਮਲਾ: ਪੁਲੀਸ ਮੁਕਾਬਲੇ ਵਿੱਚ ਮੁਲਜ਼ਮ ਜ਼ਖ਼ਮੀ
ਮੱਖਣ ਸਿੰਘ ਕਤਲ ਮਾਮਲੇ ਦੇ ਸ਼ੂਟਰਾਂ ’ਚੋਂ ਇੱਕ ਦਲੇਰ ਸਿੰਘ ਵੇਰਕਾ ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਮੁਲਜ਼ਮ ਦਲੇਰ ਸਿੰਘ ਨੂੰ ਏ-ਡਿਵੀਜ਼ਨ ਥਾਣੇ ਦੀ ਟੀਮ ਵੇਰਕਾ ਬਾਈਪਾਸ ’ਤੇ ਡਰੇਨ ਨੇੜੇ 30 ਬੋਰ ਪਿਸਤੌਲ ਦੀ ਬਰਾਮਦਗੀ ਲਈ ਲੈ ਕੇ ਗਈ ਸੀ ਜਿੱਥੇ ਮੁਲਜ਼ਮ ਨੇ ਝਾੜੀਆਂ ਵਿੱਚ ਲੁਕਾਇਆ ਹੋਇਆ ਪਿਸਤੌਲ ਕੱਢਿਆ ਅਤੇ ਪੁਲੀਸ ਟੀਮ ‘ਤੇ ਸਿੱਧਾ ਗੋਲੀਬਾਰੀ ਕਰਦਿਆਂ ਭੱਜਣ ਦੀ ਕੋਸ਼ਿਸ਼ ਕੀਤੀ। ਐੱਸ ਐੱਚ ਓ ਅਮਨਦੀਪ ਕੌਰ ਨੇ ਚਿਤਾਵਨੀ ਦਿੱਤੀ ਪਰ ਮੁਲਜ਼ਮ ਨੇ ਗੋਲੀਬਾਰੀ ਜਾਰੀ ਰੱਖੀ ਅਤੇ ਤਿੰਨ ਹੋਰ ਗੋਲੀਆਂ ਚਲਾਈਆਂ। ਸਵੈ-ਰੱਖਿਆ ਵਿੱਚ ਕਾਰਵਾਈ ਕਰਦੇ ਹੋਏ ਐੱਸ ਐੱਚ ਓ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਨਾਲ ਉਸ ਦੀ ਸੱਜੀ ਲੱਤ ਵਿੱਚ ਗੋਲੀ ਲੱਗ ਗਈ। ਜ਼ਖ਼ਮੀ ਹੋਣ ਮਗਰੋਂ ਉਸ ਨੂੰ ਕਾਬੂ ਕਰ ਕੇ ਹਥਿਆਰ ਬਰਾਮਦ ਕਰ ਲਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਲਿਜਾਇਆ ਗਿਆ ਹੈ। ਵੇਰਕਾ ਪੁਲੀਸ ਸਟੇਸ਼ਨ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੱਖਣ ਸਿੰਘ ਨੂੰ 18 ਨਵੰਬਰ ਨੂੰ ਅੰਮ੍ਰਿਤਸਰ ਬੱਸ ਸਟੈਂਡ ’ਤੇ ਗੋਲੀ ਮਾਰ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ 23 ਨਵੰਬਰ ਨੂੰ ਜੌਨ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੀ ਪੁੱਛ ਗਿੱਛ ਤੋਂ ਬਾਅਦ ਪੁਲੀਸ ਨੇ ਕਰਨਬੀਰ ਸਿੰਘ ਉਰਫ਼ ਕਰਨ ਅਤੇ ਬਾਅਦ ਵਿੱਚ ਬਿਕਰਮਜੀਤ ਸਿੰਘ ਉਰਫ਼ ਬਿੱਕਾ ਨੂੰ ਕਾਬੂ ਕੀਤਾ ਸੀ। ਇਸ ਮਗਰੋਂ ਧਰਮਵੀਰ ਸਿੰਘ ਉਰਫ਼ ਜੋਬਨ ਤੇ ਸ਼ੂਟਰ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਕਿ ਸ਼ੂਟਰ ਦਲੇਰ ਸਿੰਘ ਨੂੰ ਪਹਿਲੀ ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
