ਮੁਕਤਸਰ: ਮਨਰੇਗਾ ਕੰਮਾਂ ’ਚ ਕਰੋੜਾਂ ਰੁਪਏ ਦਾ ਘਪਲਾ
ਜ਼ਿਲ੍ਹਾ ਮੁਕਤਸਰ ਦੇ ਵੱਖ-ਵੱਖ ਪਿੰਡਾਂ ਵਿੱਚ ਸਾਲ 2016 ਤੋਂ 2021 ਤੱਕ ਕੀਤੇ ਗਏ ਮਨਰੇਗਾ ਕੰਮਾਂ ਵਿੱਚ ਕਰੋੜਾਂ ਰੁਪਏ ਦੇ ਕਥਿਤ ਘਪਲੇ ਦਾ ਖੁਲਾਸਾ ਹੋਇਆ ਹੈ। ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਸਾਲ 2021-22 ਦੌਰਾਨ 1.93 ਕਰੋੜ 42 ਹਜ਼ਾਰ ਰੁਪਏ ਦਾ ਕਥਿਤ ਘਪਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਮੁਕਤਸਰ ਦੇ ਪਿੰਡ ਬਰਕੰਦੀ ਵਿੱਚ 2016-17 ਦੌਰਾਨ ਇੱਕ ਕਰੋੜ 57 ਹਜ਼ਾਰ ਰੁਪਏ ਦਾ ਕਥਿਤ ਘਪਲਾ ਹੋਇਆ, ਜਿਸ ਦੀ ਵਿਭਾਗੀ ਜਾਂਚ ਜ਼ਿਲ੍ਹਾ ਮਾਨਸਾ ਦੇ ਏਡੀਸੀ ਤੋਂ ਕਰਵਾਈ ਗਈ। ਇਸ ਮਾਮਲੇ ਵਿੱਚ ਸੰਯੁਕਤ ਵਿਕਾਸ ਕਮਿਸ਼ਨਰ ਅਤੇ ਕਮਿਸ਼ਨਰ ਮਨਰੇਗਾ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸ਼ੇਨਾ ਅਗਰਵਾਲ ਨੇ ਮੁਕਤਸਰ ਅਤੇ ਗਿੱਦੜਬਾਹਾ ਦੇ ਤਤਕਾਲੀ ਬੀਡੀਪੀਓ ਸਣੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਲਈ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੂੰ ਪੱਤਰ ਲਿਖਿਆ ਹੈ। ਇਸ ਮਾਮਲੇ ਦੀ ਜਾਂਚ ਲਈ ਭਾਰਤ ਸਰਕਾਰ ਦੇ ਮੰਤਰਾਲੇ ਦੀ ਟੀਮ ਨੇ 26 ਅਤੇ 27 ਮਈ 2025 ਨੂੰ ਜ਼ਿਲ੍ਹਾ ਮੁਕਤਸਰ ਵਿੱਚ ਮਨਰੇਗਾ ਸਕੀਮ ਅਧੀਨ ਕੀਤੇ ਗਏ ਕੰਮਾਂ ਦੀ ਜਾਂਚ ਕੀਤੀ ਸੀ, ਜਿਸ ਵਿੱਚ 14 ਜੁਲਾਈ 2025 ਨੂੰ ਜਾਂਚ ਰਿਪੋਰਟ ਸੂਬਾ ਪੱਧਰ ’ਤੇ ਦੋ ਕਮੇਟੀਆਂ ਬਣਾ ਕੇ ਪੇਸ਼ ਕੀਤੀ ਗਈ ਸੀ। ਮਨਰੇਗਾ ਤਹਿਤ ਛੱਪੜ, ਗਲੀਆਂ, ਸੜਕਾਂ ਸਣੇ ਹੋਰ ਕੰਮ ਕੀਤੇ ਗਏ ਹਨ।
ਕਈ ਪਿੰਡਾਂ ਲਈ ਬਣਾਏ ਗਏ ਸਨ ਵਰਕ ਕੋਡ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਰੁਖਾਲਾ, ਛੱਤੇਆਣਾ, ਨਾਨਕਸਰ, ਕਾਉਣੀ, ਹੁਸਨਰ, ਦੋਦਾ, ਥੇਹੜੀ, ਸੋਥਾ, ਕੁਰਾਈਵਾਲਾ ’ਚ ਸਾਲ 2017-18 ਵਿੱਚ ਵਰਕ ਕੋਡ ਬਣਾਏ ਗਏ ਸਨ ਅਤੇ 2021 ਵਿੱਚ ਭੁਗਤਾਨ ਕੀਤੇ ਗਏ ਸਨ। ਪਿੰਡਾਂ ਵਿੱਚ ਮਨਰੇਗਾ ਦੇ ਕੰਮਾਂ ਲਈ, 152.31 ਲੱਖ ਦੀ ਰਕਮ ਸੁਖਵਿੰਦਰ ਕੌਰ ਬੀਡੀਪੀਓ, ਹੁਣ ਬਲਾਕ ਅਫਸਰ ਮੁਕਤਸਰ, ਜਸਵਿੰਦਰ ਸਿੰਘ ਬੀਡੀਪੀਓ ਜੋ ਇਸ ਸਮੇਂ ਮਲੋਟ ਵਿੱਚ ਬਲਾਕ ਅਫਸਰ ਹਨ ਵੱਲੋ 24.71 ਲੱਖ ਅਤੇ ਜਸਵੰਤ ਰਾਏ ਬੀਡੀਪੀਓ ਵੱਲੋਂ 16.40 ਲੱਖ ਜਾਰੀ ਕੀਤੇ ਗਏ ਸਨ, ਜਿਸ ਦੀ ਕੁੱਲ ਰਕਮ 1.93 ਕਰੋੜ 42 ਹਜ਼ਾਰ ਰੁਪਏ ਹੈ ਅਤੇ ਦਲੀਪ ਕੁਮਾਰ ਏਪੀਓ (ਹੁਣ ਬਰਖ਼ਾਸਤ), ਮਨਦੀਪ ਸਿੰਘ ਤਕਨੀਕੀ ਸਹਾਇਕ, ਸਰਬਜੀਤ ਸਿੰਘ ਤਕਨੀਕੀ ਸਹਾਇਕ, ਸੁਖਵੀਰ ਸਿੰਘ ਪਿੰਡ ਰੁਜ਼ਗਾਰ ਸਹਾਇਕ, ਇਕਬਾਲ ਸਿੰਘ ਪਿੰਡ ਰੁਜ਼ਗਾਰ ਸਹਾਇਕ ਦੀ ਕਥਿਤ ਮਿਲੀਭੁਗਤ ਨਾਲ ਇਹ ਰਾਸ਼ੀ ਜਾਰੀ ਕੀਤੀ ਗਈ ਸੀ, ਜਿਸਦੀ ਜਾਂਚ ਕਰਨ ’ਤੇ ਇਹ ਲੋਕ ਰਿਕਾਰਡ ਪੇਸ਼ ਨਹੀਂ ਕਰ ਸਕੇ ਅਤੇ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਦੋਸ਼ ਸਾਬਤ ਹੋਏ। ਇਸ ਲਈ, ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ। ਇਸੇ ਤਰ੍ਹਾਂ ਪਿੰਡ ਬਰਕੰਦੀ ਵਿੱਚ ਝੀਲ ਅਤੇ ਗਲੀਆਂ-ਨਾਲੀਆਂ ਦਾ ਕੰਮ ਕਰੋੜਾਂ ਰੁਪਏ ਵਿੱਚ ਹੋਣਾ ਸੀ, ਜਿਸ ਵਿੱਚ ਇੱਕ ਕਰੋੜ 57 ਹਜ਼ਾਰ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪਿੰਡ ਜੱਸੇਆਣਾ, ਰੋਡਾਂਵਾਲੀ, ਸੱਕਾਂਵਾਲੀ ਅਤੇ ਹੋਰ ਪਿੰਡਾਂ ਵਿੱਚ ਵੀ ਕਰੋੜਾਂ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਹੈ।
ਮਾਮਲੇ ਬਾਰੇ ਜ਼ਰੂਰੀ ਮੀਟਿੰਗ ਅੱਜ: ਏਡੀਸੀ
ਏਡੀਸੀ (ਵਿਕਾਸ) ਸ੍ਰੀ ਮੁਕਤਸਰ ਸਾਹਿਬ ਸੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸਬੰਧੀ ਜ਼ਰੂਰੀ ਮੀਟਿੰਗ ਭਲਕੇ 5 ਅਗਸਤ ਨੂੰ ਤੈਅ ਕੀਤੀ ਗਈ ਹੈ ਅਤੇ ਸਬੰਧਤ ਬੀਡੀਪੀਓਜ਼ ਨੂੰ ਸਾਰਾ ਰਿਕਾਰਡ ਨਾਲ ਲੈ ਕੇ ਆਉਣ ਦੀ ਹਦਾਇਤ ਕੀਤੀ ਗਈ ਹੈ।