ਐੱਮਪੀ ਖ਼ਾਲਸਾ ਵੱਲੋਂ ਤੁਫੈਲ ਅਤੇ ਨਮੋਲ ਨਾਲ ਮੀਟਿੰਗ ਨੇ ਨਵੀਂ ਚਰਚਾ ਛੇੜੀ
ਪਰਮਜੀਤ ਸਿੰਘ ਕੁਠਾਲਾ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਐੱਮਪੀ ਅਤੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ) ਦੇ ਸੀਨੀਅਰ ਆਗੂ ਭਾਈ ਸਰਬਜੀਤ ਸਿੰਘ ਖ਼ਾਲਸਾ ਦੀ ਸਾਬਕਾ ਚੇਅਰਮੈਨ ਹਾਜੀ ਮੁਹੰਮਦ ਤੁਫੈਲ ਮਲਿਕ ਅਤੇ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਸਤਿਗੁਰ ਸਿੰਘ ਨਮੋਲ ਨਾਲ ਸਥਾਨਕ ਸ਼ੀਸ਼ ਮਹਿਲ ਵਿੱਚ ਹਾਜੀ ਤੁਫੈਲ ਦੀ ਰਿਹਾਇਸ਼ ’ਤੇ ਹੋਈ ਲੰਮੀ ਮੁਲਾਕਾਤ ਨੇ ਜ਼ਿਲ੍ਹਾ ਮਾਲੇਰਕੋਟਲਾ ਦੀ ਅਕਾਲੀ ਸਿਆਸਤ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਹਾਜੀ ਤੁਫੈਲ ਮਲਿਕ ਅਤੇ ਸਤਿਗੁਰ ਸਿੰਘ ਨਮੋਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੇਂ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਅਤਿ ਨਜ਼ਦੀਕੀ ਵਿਸ਼ਵਾਸ ਪਾਤਰ ਹਨ। ਜਾਣਕਾਰੀ ਅਨੁਸਾਰ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਹਾਜੀ ਤੁਫੈਲ ਦੇ ਘਰ ਕਰੀਬ ਇੱਕ ਘੰਟਾ ਠਹਿਰੇ। ਸੰਪਰਕ ਕਰਨ ’ਤੇ ਹਾਜੀ ਤੁਫੈਲ ਅਤੇ ਸਤਿਗੁਰ ਸਿੰਘ ਨਮੋਲ ਨੇ ਦੱਸਿਆ ਕਿ ਇਹ ਮੁਲਾਕਾਤ ਆਮ ਪਰਿਵਾਰਕ ਮੁਲਾਕਾਤ ਹੀ ਸੀ ਪ੍ਰੰਤੂ ਮੀਟਿੰਗ ਦੌਰਾਨ ਪੰਜਾਬ ਅਤੇ ਪੰਥ ਦੀ ਬਿਹਤਰੀ ਲਈ ਫ਼ਿਕਰਮੰਦ ਸਾਰੀਆਂ ਪੰਥ ਪ੍ਰਸਤ ਧਿਰਾਂ ਨੂੰ ਸਾਂਝੇ ਮੰਚ ਉਪਰ ਇਕੱਠੇ ਹੋਣ ਦੀਆਂ ਭਵਿੱਖੀ ਸੰਭਾਵਨਾਵਾਂ ਸਬੰਧੀ ਵੀ ਚਰਚਾ ਹੋਈ ਹੈ। ਸਿਆਸੀ ਹਲਕਿਆਂ ਵਿੱਚ ਇਸ ਮੀਟਿੰਗ ਨੂੰ ਕੁੱਝ ਸਮਾਂ ਪਹਿਲਾਂ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਐੱਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨਾਲ ਮੁਲਾਕਾਤ ਕਰ ਕੇ ਪੰਥਕ ਏਕਤਾ ਲਈ ਵਿੱਢੀ ਮੁਹਿੰਮ ਦੀ ਲਗਾਤਾਰਤਾ ਵਿੱਚ ਦੇਖਿਆ ਜਾ ਰਿਹਾ ਹੈ।