ਮੋਟਰਸਾਈਕਲ ਦੀ ਸਕੂਲ ਵੈਨ ਨਾਲ ਟੱਕਰ; ਤਿੰਨ ਵਿਦਿਆਰਥੀ ਜ਼ਖਮੀ, ਇੱਕ ਦੀ ਹਾਲਤ ਗੰਭੀਰ
ਕੌਮੀ ਹਾਈਵੇਅ 703-ਏ ਤੇ ਮੱਲਾਂਵਾਲਾ ਤੋਂ ਫਿਰੋਜ਼ਪੁਰ ਰੋਡ ’ਤੇ ਅੱਜ ਸਵੇਰੇ ਇੱਕ ਬੁਲਟ ਮੋਟਰਸਾਈਕਲ ਅਤੇ ਸਕੂਲ ਵੈਨ ਵਿਚਕਾਰ ਅਚਾਨਕ ਟੱਕਰ ਹੋ ਗਈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਅਨਮੋਲ ਸਿੰਘ (15) ਪੁੱਤਰ ਅਵਤਾਰ ਸਿੰਘ, ਹਰਮਨਪ੍ਰੀਤ ਸਿੰਘ (13) ਪੁੱਤਰ ਬਲਵਿੰਦਰ ਸਿੰਘ ਅਤੇ ਕੋਮਲਪ੍ਰੀਤ ਸਿੰਘ (15) ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਬਸਤੀ ਘੁਮਿਆਰੀ ਵਾਲਾ (ਮੱਲਾਵਾਲਾ) ਦੇ ਰਹਿਣ ਵਾਲੇ ਹਨ। ਇਹ ਤਿੰਨੇ ਵਿਦਿਆਰਥੀ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਤੋਂ ਮੱਲਾਂਵਾਲਾ ਆਪਣੇ ਸਕੂਲ ਆ ਰਹੇ ਸਨ।
ਇਸ ਦੌਰਾਨ ਮੱਲਾਂਵਾਲਾ ਦੇ ਫਿਰੋਜ਼ਪੁਰ ਰੋਡ ’ਤੇ ਭਾਰਤ ਗੈਸ ਏਜੰਸੀ ਨੇੜੇ ਇਨ੍ਹਾਂ ਦਾ ਮੋਟਰਸਾਈਕਲ ਅੱਗੋਂ ਆ ਰਹੀ ਨਿੱਜੀ ਸਕੂਲ ਦੀ ਬੱਸ ਵਿੱਚ ਜਾ ਟਕਰਾਇਆ। ਹਾਦਸੇ ਵਿਚ ਇਹ ਤਿੰਨੇ ਨੌਜਵਾਨ ਜ਼ਖਮੀ ਹੋ ਗਏ ਜਦੋਂਕਿ ਅਨਮੋਲ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਬਾਕੀ ਦੋ ਨੌਜਵਾਨ ਆਰਿਫ ਕੇ ਦੇ ਨਿੱਜੀ ਹਸਪਤਾਲ ਇਲਾਜ ਅਧੀਨ ਹਨ।