ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਂ ਦੀ ਚੀਸ: ਕੌਣ ਜਾਣੇ ਪੀੜ ਪਰਾਈ

ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਦਿਖਾਉਣ ਵਾਲੀ ਮਹਿੰਦਰ ਕੌਰ ਦੇ ਪਰਿਵਾਰ ਦੀ ਦੁੱਖਾਂ ਭਰੀ ਦਾਸਤਾਂ
ਬਿਰਧ ਮਹਿੰਦਰ ਕੌਰ ਦੀ ਤਸਵੀਰ।
Advertisement
ਜ਼ਿੰਦਗੀ ਦੇ ਆਖ਼ਰੀ ਮੋੜ ’ਤੇ ਖੜ੍ਹੀ ਬਿਰਧ ਮਹਿੰਦਰ ਕੌਰ ਨੂੰ ਹਰੇਕ ਮੋੜ ’ਤੇ ਦੁੱਖ ਟੱਕਰੇ, ਜਿਨ੍ਹਾਂ ਨਾਲ ਮਾਈ ਨੇ ਟੱਕਰ ਲਈ ਤੇ ਕਦੇ ਹਾਰ ਨਹੀਂ ਮੰਨੀ। ਅੱਜ ਜਦੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਬਠਿੰਡਾ ਅਦਾਲਤ ’ਚ ਮੁਆਫ਼ੀ ਮੰਗੀ ਤਾਂ ਮਹਿੰਦਰ ਕੌਰ ਦੇ ਚੇਤਿਆਂ ’ਚ ਮੁੜ ਉਹ ਬੋਲ ਘੁੰਮੇ ਜਿਹੜੇ ਕੰਗਨਾ ਨੇ ਕਿਸਾਨੀ ਘੋਲ ਵੇਲੇ ਬੋਲੇ ਸਨ। ਮਹਿੰਦਰ ਕੌਰ ਨੇ ਕਈ ਸਾਲ ਪਹਿਲਾਂ ਹੀ ਸੰਘਰਸ਼ ਦਾ ਝੰਡਾ ਚੁੱਕ ਲਿਆ ਸੀ। ਉਹ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਦੋਂ ਦਿੱਲੀ ਦੀ ਜੂਹ ’ਚ ਬੈਠੀ ਸੀ ਤਾਂ ਕੰਗਨਾ ਨੇ ਟਵੀਟ ਕਰ ਕੇ ਸੌ ਰੁਪਏ ਲੈ ਕੇ ਆਉਣ ਵਾਲੀ ‘ਭਾੜੇ ਦੀ ਔਰਤ’ ਦੱਸਿਆ ਸੀ। ਕੰਗਨਾ ਦੇ ਬੋਲਾਂ ਦੀ ਟੀਸ ਅੱਜ ਵੀ ਇਸ ਬਿਰਧ ਨੂੰ ਭੁੱਲੀ ਨਹੀਂ।

ਪੰਜਾਬੀ ਟ੍ਰਿਬਿਊਨ ਨੇ ਜਦੋਂ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਦੇ ਪਰਿਵਾਰ ਦੀ ਦੁੱਖਾਂ ਦੀ ਪੰਡ ਫਰੋਲੀ ਤਾਂ ਇੰਜ ਲੱਗਿਆ ਕਿ ਸਭ ਪੀੜਾਂ ਇਸ ਪਰਿਵਾਰ ਦੇ ਹਿੱਸੇ ਹੀ ਆਈਆਂ ਹਨ। ਅੱਜ ਜਦੋਂ ਕੰਗਨਾ ਰਣੌਤ ਬਠਿੰਡਾ ਪੁੱਜੀ ਤਾਂ ਬਿਰਧ ਮਾਈ ਦੇ ਇਕਲੌਤੇ ਪੁੱਤ ਗੁਰਦਾਸ ਸਿੰਘ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ। ਕਰੀਬ ਮਹੀਨਾ ਪਹਿਲਾਂ ਗੁਰਦਾਸ ਨੂੰ ਖੇਤਾਂ ’ਚ ਕੰਮ ਕਰਦੇ ਸਮੇਂ ਸੱਪ ਨੇ ਡੱਸ ਲਿਆ ਸੀ। ਗੁਰਦਾਸ ਹਸਪਤਾਲ ’ਚ ਜੂਝ ਰਿਹਾ ਸੀ ਪਰ ਬਾਪ ਲਾਭ ਸਿੰਘ ਦੀ ਜੇਬ ਖਾਲੀ ਸੀ। ਪਿਓ ’ਤੇ ਬਿਪਤਾ ਪਈ ਤਾਂ ਤਿੰਨ ਧੀਆਂ ਨੇ ਫ਼ਰਜ਼ ਨਿਭਾਇਆ। ਦੋ ਲੱਖ ਦੇ ਇਲਾਜ ਦਾ ਖਰਚਾ ਧੀਆਂ ਨੇ ਚੁੱਕਿਆ।

Advertisement

80 ਸਾਲ ਦਾ ਲਾਭ ਸਿੰਘ ਆਖਦਾ ਹੈ ਕਿ ਧੀਆਂ ਦੇ ਘਰੋਂ ਤਾਂ ਮਾਪੇ ਪਾਣੀ ਨਹੀਂ ਪੀਂਦੇ ਪਰ ਜ਼ਿੰਦਗੀ ਨੇ ਮਜਬੂਰ ਕਰ ਦਿੱਤਾ। ਦੁੱਖਾਂ ਦਾ ਪਹਾੜ ਸਾਲ ਪਹਿਲਾਂ ਟੁੱਟ ਪਿਆ ਸੀ ਜਦੋਂ ਬਿਰਧ ਮਹਿੰਦਰ ਕੌਰ ਦੀ ਨੂੰਹ ਰਾਣੀ ਕੌਰ ਇਸ ਜਹਾਨੋਂ ਚਲੀ ਗਈ। ਮਹਿੰਦਰ ਕੌਰ ਆਖਦੀ ਹੈ ਕਿ ਜਦੋਂ ਦੀ ਉਹ ਵਿਆਹ ਕੇ ਆਈ ਹੈ, ਉਸ ਨੇ ਨਾ ਦਿਨ ਦੇਖਿਆ ਤੇ ਨਾ ਰਾਤ, ਪਤੀ ਲਾਭ ਸਿੰਘ ਦੇ ਬਰਾਬਰ ਖੇਤਾਂ ’ਚ ਮਿੱਟੀ ਨਾਲ ਮਿੱਟੀ ਹੁੰਦੀ ਰਹੀ। ਮਹਿੰਦਰ ਕੌਰ ਦਿਨ ਭਰ ਸਬਜ਼ੀ ਤੋੜਦੀ ਤੇ ਪਤੀ ਸਾਈਕਲ ’ਤੇ ਬਠਿੰਡਾ ਸ਼ਹਿਰ ਵੇਚਣ ਜਾਂਦਾ। ਲਾਭ ਸਿੰਘ ਆਖਦਾ ਹੈ ਕਿ ਕਿਰਤ ਤੋਂ ਸਿਵਾਏ ਕਦੇ ਕੁੱਝ ਨਹੀਂ ਕੀਤਾ। ਮਹਿੰਦਰ ਕੌਰ ਦੀ ਪੈਲੀ ਹਰ ਸਾਲ ਜੁਆਬ ਦੇਣ ਲੱਗੀ ਤਾਂ ਕਰਜ਼ੇ ਦੀ ਪੰਡ ਭਾਰੀ ਹੋਣ ਲੱਗ ਪਈ। ਇਕੱਲੀ ਬੈਂਕ ਦਾ ਸਾਢੇ ਸੱਤ ਲੱਖ ਦਾ ਕਰਜ਼ਾ ਸਿਰ ਹੈ। ਬੈਂਕ ਨੇ ਲਾਭ ਸਿੰਘ ’ਤੇ ਕੇਸ ਕਰ ਦਿੱਤਾ ਹੈ ਅਤੇ ਪੈਲ਼ੀਆਂ ਦੇ ਮਾਲਕ ਨੂੰ ਅਦਾਲਤਾਂ ’ਚ ਅਰਦਲੀ ਆਵਾਜ਼ਾਂ ਮਾਰਦਾ ਹੈ।

ਹਾਥੀ ਤੇ ਕੀੜੀ ਦਾ ਕਾਹਦਾ ਮੁਕਾਬਲਾ: ਮਹਿੰਦਰ ਕੌਰ

ਮਹਿੰਦਰ ਕੌਰ ਨਾਲ ਜਦੋਂ ਅੱਜ ਕੰਗਨਾ ਵੱਲੋਂ ਮੁਆਫ਼ੀ ਮੰਗੇ ਜਾਣ ਬਾਰੇ ਗੱਲ ਕੀਤੀ ਤਾਂ ਉਸ ਨੇ ਆਖਿਆ, ‘‘ਪੁੱਤ! ਹਾਥੀ ਤੇ ਕੀੜੀ ਦਾ ਕਾਹਦਾ ਮੁਕਾਬਲਾ। ਸਾਡੇ ਕੋਲ ਤਾਂ ਇਕੱਲੀ ਅਣਖ ਹੀ ਬਚੀ ਹੈ, ਉਸ ਨੂੰ ਕਿਵੇਂ ਗਿਰਵੀ ਰੱਖ ਦਿਆਂ।’’ ਉਸ ਦਾ ਕਹਿਣਾ ਸੀ ਕਿ ਚਾਰ ਸਾਲ ਤੱਕ ਇਸ ਬੀਬੀ ਨੇ ਬਾਤ ਨਹੀਂ ਪੁੱਛੀ ਤੇ ਹੁਣ ਆਪਣੀ ਪੀੜ ਦਾ ਰੋਣਾ ਰੋ ਰਹੀ ਹੈ, ਸਾਡੀ ਪੀੜ ਨੂੰ ਤਾਂ ਕਦੇ ਨੀ ਜਾਣਿਆ। ਪਰਿਵਾਰ ਆਖਦਾ ਹੈ ਕਿ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਡੋਲਣ ਨਹੀਂ ਦਿੱਤਾ ਅਤੇ ਭੀੜ ਪਈ ਤਾਂ ਸਰਕਾਰ ਵੀ ਨਹੀਂ ਬਹੁੜੀ।

 

 

 

 

Advertisement
Show comments