ਮਾਂ ਵੱਲੋਂ ਪੁੱਤ ਸਣੇ ਆਤਮਦਾਹ ਮਾਮਲੇ ਵਿੱਚ ਸੱਸ ਤੇ ਸਹੁਰਾ ਗ੍ਰਿਫ਼ਤਾਰ
ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਦੇ ਇੱਕ ਘਰ ’ਚ ਵਿਆਹੁਤਾ ਔਰਤ ਵੱਲੋਂ ਆਪਣੇ ਤਿੰਨ ਸਾਲ ਦੇ ਪੁੱਤ ਸਣੇ ਆਤਮਦਾਹ ਕਰਨ ਦੇ ਮਾਮਲੇ ’ਚ ਪੁਲੀਸ ਨੇ ਕਾਰਵਾਈ ਕਰਦਿਆਂ ਵਿਆਹੁਤਾ ਔਰਤ ਦੇ ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਿਤਾ ਅਮਰੀਕ ਸਿੰਘ ਵਾਸੀ ਬਾਦਸ਼ਾਹਪੁਰ ਦੇ ਬਿਆਨਾਂ ’ਤੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਔਰਤ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਦਾ ਉਸ ਦੇ ਦੁਬਈ ਰਹਿੰਦੇ ਪਤੀ ਨਾਲ ਤਕਰਾਰ ਚੱਲਦਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲੀਸ ਨੇ ਇਸ ਸਬੰਧ ’ਚ ਪਤੀ ਤਰਲੋਚਨ ਸਿੰਘ, ਸਹੁਰਾ ਵਿਜੈ ਕੁਮਾਰ, ਸੱਸ ਕੁਲਵਿੰਦਰ ਕੌਰ, ਅਨੀਤਾ ਅਤੇ ਬਬਲੀ ਖ਼ਿਲਾਫ਼ ਕੇਸ ਦਰਜ ਕਰਕੇ ਸਹੁਰਾ ਵਿਜੈ ਅਤੇ ਸੱਸ ਕੁਲਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਵਿਆਹੁਤਾ ਔਰਤ ਪ੍ਰੀਤੀ ਨੇ ਕਮਰੇ ’ਚ ਆਪਣੇ 3 ਸਾਲਾ ਬੱਚੇ ਪਰਵਿੰਦਰ ਸਿੰਘ ਸਣੇ ਆਤਮਦਾਹ ਕਰ ਲਿਆ ਸੀ।