ਸਰਹੱਦ ਤੋਂ ਛੇ ਕਿਲੋ ਤੋਂ ਵੱਧ ਹੈਰੋਇਨ ਬਰਾਮਦ
ਬੀ ਐੱਸ ਐੱਫ ਨੇ ਨਸ਼ਾ ਤਸਕਰੀ-ਅਤਿਵਾਦ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੰਜਾਬ ਸਰਹੱਦ ’ਤੇ ਛੇ ਕਿਲੋ ਤੋਂ ਵੱਧ ਹੈਰੋਇਨ, ਪਿਸਤੌਲ ਤੇ ਹੋਰ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਬੀ ਐੱਸ ਐੱਫ ਦੇ ਜਵਾਨਾਂ ਨੇ ਬੀਤੀ ਰਾਤ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਪੰਜਾਬ ਦੇ ਸਰਹੱਦੀ ਖੇਤਰ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ, ਇੱਕ ਪਿਸਤੌਲ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਰਹੱਦ ’ਤੇ ਸ਼ੱਕੀ ਡਰੋਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਮਗਰੋਂ ਫੌਰੀ ਕਾਰਵਾਈ ਕਰਦਿਆਂ ਬੀ ਐੱਸ ਐੱਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਪਿੰਡ ਦਾਓਕੇ ਨੇੜੇ ਖੇਤਾਂ ਵਿੱਚੋਂ ਹੈਰੋਇਨ ਦੇ 12 ਪੈਕੇਟ ਬਰਾਮਦ ਕੀਤੇ। ਇਨ੍ਹਾਂ ਵਿੱਚ 6.638 ਕਿਲੋਗ੍ਰਾਮ ਹੈਰੋਇਨ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਫਿਰੋਜ਼ਪੁਰ ਸਰਹੱਦੀ ਖੇਤਰ ਵਿੱਚ ਅੱਧੀ ਰਾਤ ਨੂੰ ਕੀਤੀ ਕਾਰਵਾਈ ਦੌਰਾਨ ਬੀ ਐੱਸ ਐੱਫ ਜਵਾਨਾਂ ਨੇ ਪਿੰਡ ਗੰਡੂ ਕਿਲਚਾ ਨੇੜੇ ਇੱਕ ਖੇਤ ਵਿੱਚੋਂ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਬੀ ਐੱਸ ਐੱਫ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਬੀ ਐੱਸ ਐੱਫ ਜਵਾਨਾਂ ਦੀ ਚੌਕਸੀ, ਫੁਰਤੀ ਅਤੇ ਉੱਨਤ ਪੇਸ਼ੇਵਰ ਸਮਰੱਥਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬਲ ਪਾਕਿਸਤਾਨ ਅਧਾਰਿਤ ਨਸ਼ਾ ਤਸਕਰੀ ਤੇ ਅਤਿਵਾਦ ਦੇ ਨੈੱਟਵਰਕ ਨੂੰ ਨਾਕਾਮ ਕਰਨ ਲਈ ਵਚਨਬੱਧ ਹੈ।
ਪਿੰਡ ਸੰਕਤਰਾ ਦੇ ਖੇਤਾਂ ’ਚੋਂ ਕਿਲੋ ਤੋਂ ਵੱਧ ਹੈਰੋਇਨ ਬਰਾਮਦ
ਤਰਨ ਤਾਰਨ (ਪੱਤਰ ਪ੍ਰੇਰਕ): ਥਾਣਾ ਵਲਟੋਹਾ ਦੀ ਪੁਲੀਸ ਤੇ ਬੀ ਐੱਸ ਐੱਫ਼ ਦੀ ਸਾਂਝੀ ਟੀਮ ਨੇ ਸਰਹੱਦੀ ਖੇਤਰ ਦੇ ਪਿੰਡ ਸੰਕਤਰਾ ਦੇ ਖੇਤਾਂ ਵਿੱਚੋਂ ਇੱਕ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ| ਥਾਣਾ ਵਲਟੋਹਾ ਦੇ ਏ ਐੱਸ ਆਈ ਅਮਰਜੀਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਸੂਚਨਾ ਮਿਲਣ ’ਤੇ ਸੰਕਤਰਾ ਦੇ ਕਿਸਾਨ ਜਾਗੀਰ ਸਿੰਘ ਦੇ ਖੇਤਾਂ ਵਿੱਚ ਤਲਾਸ਼ੀ ਕੀਤੀ ਗਈ, ਜਿਸ ਦੌਰਾਨ ਪੁਲੀਸ ਤੇ ਬੀ ਐੱਸ ਐੱਫ ਦੀ ਸਾਂਝੀ ਟੀਮ ਨੂੰ ਦੋ ਪੈਕਟ ਬਰਾਮਦ ਹੋਏ ਜਿਨ੍ਹਾਂ ਵਿੱਚੋਂ 1 ਕਿਲੋ 75 ਗਰਾਮ ਹੈਰੋਇਨ ਤੇ 97 ਗਰਾਮ ਪੈਕਿੰਗ ਮਟੀਰੀਅਲ ਮਿਲਿਆ| ਉਨ੍ਹਾਂ ਦੱਸਿਆ ਕਿ ਪੁਲੀਸ ਨੇ ਐ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
