ਟਾਟਾ ਨਮਕ ਦੇ ਮਾਅਰਕੇ ਵਾਲਾ 4 ਕੁਇੰਟਲ ਤੋਂ ਵੱਧ ਸ਼ੱਕੀ ਨਕਲੀ ਲੂਣ ਬਰਾਮਦ
ਇੱਥੋਂ ਦੀ ਇੱਕ ਫਰਮ ’ਤੇ ਪੁਲੀਸ ਅਤੇ ਟਾਟਾ ਕੰਪਨੀ ਦੇ ਅਧਿਕਾਰੀਆਂ ਨੇ ਛਾਪਾ ਮਾਰਦਿਆਂ ਸ਼ੱਕੀ ਨਕਲੀ 4 ਕੁਇੰਟਲ ਤੋਂ ਵੱਧ ਟਾਟਾ ਨਮਕ ਫੜਿਆ ਹੈ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੇ ਨਮੂਨੇ ਸਿਹਤ ਵਿਭਾਗ ਨੇ ਜਾਂਚ ਲਈ ਖਰੜ ਲੈਬ ਨੂੰ ਭੇਜ ਦਿੱਤੇ ਹਨ। ਪੁਲੀਸ ਨੇ ਦੁਕਾਨਦਾਰ ਰਾਜ ਕੁਮਾਰ ਪੁੱਤਰ ਰੁਲਦੂ ਰਾਮ ਵਾਸੀ ਮਾਨਸਾ ਦੇ ਖਿਲਾਫ਼ ਕਾਪੀਰਾਈਟ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਟਾਟਾ ਕੰਪਨੀ ਅਧਿਕਾਰੀਆਂ ਨੂੰ ਸੂਹ ਮਿਲੀ ਕਿ ਸ਼ਹਿਰ ਮਾਨਸਾ ’ਚ ਉਕਤ ਦੁਕਾਨਦਾਰ ਐੱਸ ਕੇ ਟ੍ਰੇਡਿੰਗ ਕੰਪਨੀ ਦੇ ਨਾਂ ਹੇਠ ਟਾਟਾ ਨਮਕ ਵਾਲੇ ਪੈਕੇਟ ਵਿੱਚ ਨਕਲੀ ਲੂਣ ਵੇਚਦਾ ਹੈ। ਉਨਾਂ ਥਾਣਾ ਸਿਟੀ-1 ਦੀ ਪੁਲੀਸ ਸਮੇਤ ਛਾਪਾ ਮਾਰਿਆ ਤਾਂ ਦੁਕਾਨ ਚੋਂ ਵੱਡੀ ਮਾਤਰਾ ’ਚ ਲੂਣ ਦੇ ਟਾਟਾ ਨਮਕ ਵਾਲੇ 17 ਵੱਡੇ ਪੈਕੋਟ ਬਰਾਮਦ ਹੋਏ, ਜਿਸ ਦੀ ਮਾਤਰਾ ਕਰੀਬ ਸਵਾ ਚਾਰ ਕੁਇੰਟਲ ਦੱਸੀ ਗਈ ਹੈ।
ਟਾਟਾ ਕੰਪਨੀ ਦੇ ਫੀਲਡ ਅਫਸਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਹ ਜੋ ਟਾਟਾ ਕੰਪਨੀ ਦਾ ਪੈਕੇਟਾਂ ਚ ਭਰਿਆ ਨਮਕ ਫੜਿਆ ਗਿਆ ਹੈ, ਉਹ ਕੰਪਨੀ ਦਾ ਨਹੀਂ ਹੈ ਅਤੇ ਇਹ ਕੰਪਨੀ ਦਾ ਮਾਅਰਕਾ ਲਾ ਕੇ ਪਿੰਡਾਂ ’ਚ ਟਾਟਾ ਨਮਕ ਦੇ ਨਾਂ ਹੇਠ ਵੇਚਿਆ ਤੇ ਸਪਲਾਈ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੁਕਾਨਦਾਰ ਨੇ ਹਾਲੇ ਇਹ ਨਹੀ ਦੱਸਿਆ ਕਿ ਉਹ ਇਹ ਨਮਕ, ਟਾਟਾ ਦੇ ਪੈਕੇਟ ਖੁਦ ਤਿਆਰ ਕਰਦਾ ਸੀ ਜਾਂ ਇਸਨੂੰ ਕਿਸੇ ਤੋਂ ਖਰੀਦਦਾ ਸੀ। ਅਧਿਕਾਰੀ ਨੇ ਕਿਹਾ ਕਿ ਬਰਾਮਦ ਲੂਣ ਦੇ ਨਮੂਨੇ ਭਰਵਾ ਕੇ ਜਾਂਚ ਲਈ ਭੇਜ ਦਿੱਤੇ ਹਨ, ਰਿਪੋਰਟ ਆਉਣ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਧਰ ਥਾਣਾ ਸਿਟੀ-1 ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਲੂਣ ਕਬਜੇ ’ਚ ਲੈ ਕੇ ਦੁਕਾਨਦਾਰ ਰਾਜ ਕੁਮਾਰ ਦੇ ਖਿਲਾਫ਼ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਭਰੇ ਗਏ ਨਮੂਨਿਆਂ ਦੀ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।