ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਲਈ ਪੰਜਾਬ ਪੁਲੀਸ ਨੇ ਸੈਕਟਰ 3 ਥਾਣੇ ਦੇ ਬਾਹਰ ਲਾਏ ਡੇਰੇ
ਰਾਜ ਸਭਾ ਵਿਚ ਪੰਜਾਬ ਦੀ ਇਕੋ ਇਕ ਸੀਟ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਵਾਲੇ ਨਵਨੀਤ ਚਤੁਰਵੇਦੀ ਨੂੰ ਕਾਬੂ ਕਰਨ ਲਈ ਪੰਜਾਬ ਪੁਲੀਸ ਦੇ 200 ਤੋਂ ਵੱਧ ਮੁਲਾਜ਼ਮ ਸੈਕਟਰ 3 ਪੁਲੀਸ ਥਾਣੇ ਦੇ ਬਾਹਰ ਤਾਇਨਾਤ ਹਨ। ਇਨ੍ਹਾਂ ਪੁਲੀਸ ਮੁਲਾਜ਼ਮਾਂ ਵੱਲੋਂ ਚਤੁਰਵੇਦੀ ਦੇ ਥਾਣੇ ’ਚੋਂ ਬਾਹਰ ਆਉਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਪੁਲੀਸ ਨੇ ਜੈਪੁਰ ਨਾਲ ਸਬੰਧਤ ਨਵਨੀਤ ਚਤੁਰਵੇਦੀ ਨੂੰ ਇਹ ਕਹਿੰਦਿਆਂ ਪੁਲੀਸ ਥਾਣੇ ਸਟੇਸ਼ਨ ਵਿੱਚ ਰੱਖਿਆ ਹੈ ਕਿ ਉਹ ਉਸ ਦੀ ਸੁਰੱਖਿਆ ਕਰ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਦੇ ਵਕੀਲ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਲਈ ਚਾਰਾਜੋਈ ਦੇ ਨਾਲ ਰਾਜ ਸਭਾ ਲਈ ਉਸ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਜਾਂਚ ਵੀ ਮੰਗ ਰਹੇ ਹਨ। ਥਾਣੇ ਦੇ ਬਾਹਰ ਮੌਜੂਦ ਸੀਨੀਅਰ ਪੁਲੀਸ ਅਧਿਕਾਰੀਆਂ ਵਿੱਚ ਰੋਪੜ ਪੁਲੀਸ ਦੇ ਐਸਪੀ ਜੀ ਐੱਸ ਗੋਸਲ ਵੀ ਸ਼ਾਮਲ ਹਨ।
ਚਤੁਰਵੇਦੀ ਨੇ 24 ਅਕਤੂਬਰ ਨੂੰ ਹੋਣ ਵਾਲੀ ਰਾਜ ਸਭਾ ਦੀ ਜ਼ਿਮਨੀ ਲਈ ਨਾਮਜ਼ਦਗੀ ਪੱਤਰਾਂ ਦੇ ਦੋ ਸੈੱਟ ਦਾਖਲ ਕੀਤੇ ਸਨ। 6 ਅਕਤੂਬਰ ਨੂੰ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੇ ਆਪਣੇ ਪਹਿਲੇ ਸੈੱਟ ਵਿੱਚ, ਉਨ੍ਹਾਂ ਨੇ ਦਸ ‘ਆਪ’ ਵਿਧਾਇਕਾਂ ਨੂੰ ਆਪਣੇ ਤਜਵੀਜ਼ਕਾਰ ਵਜੋਂ ਨਾਮਜ਼ਦ ਕੀਤਾ ਸੀ। ਹਾਲਾਂਕਿ ਇਨ੍ਹਾਂ ਕਾਗਜ਼ਾਂ ’ਤੇ ਕਿਸੇ ਵੀ ਵਿਧਾਇਕ ਦੇ ਦਸਤਖਤ ਨਹੀਂ ਸਨ। ਉਨ੍ਹਾਂ ਨੇ 13 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦਾ ਦੂਜਾ ਸੈੱਟ ਦਾਖਲ ਕੀਤਾ, ਜਿਸ ਵਿੱਚ ਦਸ 'ਆਪ' ਵਿਧਾਇਕਾਂ ਦੇ ਨਾਮ ਉਨ੍ਹਾਂ ਦੇ ਤਜਵੀਜ਼ਕਾਰ ਵਜੋਂ ਉਨ੍ਹਾਂ ਦੇ ਦਸਤਖਤਾਂ ਸਮੇਤ ਸਨ।
ਮੰਗਲਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਇਸ ਬਹਾਨੇ ਰੱਦ ਕਰ ਦਿੱਤੇ ਗਏ ਕਿ ਸਾਰੇ ਦਸ ਵਿਧਾਇਕਾਂ ਦੇ ਦਸਤਖਤ ਜਾਅਲੀ ਸਨ। ਦਰਅਸਲ ਸੋਮਵਾਰ ਰਾਤ ਨੂੰ ਹੀ ਦਸ ਵਿਧਾਇਕਾਂ ਵਿੱਚੋਂ ਬਹੁਤਿਆਂ ਨੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦਾਅਵਾ ਕੀਤਾ ਸੀ ਕਿ ਚਤੁਰਵੇਦੀ ਵੱਲੋਂ ਦਾਖ਼ਲ ਦਸਤਾਵੇਜ਼ਾਂ ਵਿਚ ਉਨ੍ਹਾਂ ਦੇ ਦਸਤਖਤ ਜਾਅਲੀ ਸਨ। ਵਿਧਾਇਕਾਂ ਨੇ ਚਤੁਰਵੇਦੀ ਖਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਵੀ ਕੀਤੀ।
ਸੋਮਵਾਰ ਰਾਤ ਨੂੰ ਹੀ ਰੋਪੜ ਪੁਲੀਸ ਸਟੇਸ਼ਨ ਵਿੱਚ ਚਤੁਰਵੇਦੀ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਗਰੋਂ ਚੰਡੀਗੜ੍ਹ ਪੁਲੀਸ ਨੇ ਦਾਅਵਾ ਕੀਤਾ ਕਿ ਚਤੁਰਵੇਦੀ ਨੇ ਉਨ੍ਹਾਂ ਕੋਲੋਂ ਪੁਲੀਸ ਸੁਰੱਖਿਆ ਮੰਗੀ ਸੀ ਜੋ ਉਸ ਨੂੰ ਪ੍ਰਦਾਨ ਕੀਤੀ ਗਈ ਸੀ। ਉਹ ਮੰਗਲਵਾਰ ਨੂੰ ਚੰਡੀਗੜ੍ਹ ਪੁਲੀਸ ਦੀ ਸੁਰੱਖਿਆ ਹੇਠ ਆਪਣੀ ਨਾਮਜ਼ਦਗੀ ਦੀ ਜਾਂਚ ਲਈ ਵਿਧਾਨ ਸਭਾ ਆਇਆ ਸੀ ਅਤੇ ਬਾਅਦ ਵਿੱਚ ਜਦੋਂ ਉਹ ਪੁਲੀਸ ਸੁਰੱਖਿਆ ਹੇਠ ਵਾਪਸ ਜਾ ਰਿਹਾ ਸੀ, ਤਾਂ ਰੋਪੜ ਪੁਲੀਸ ਨੇ ਚੰਡੀਗੜ੍ਹ ਪੁਲੀਸ ਦੀ ਗੱਡੀ ਨੂੰ ਰੋਕਣ ਅਤੇ ਚਤੁਰਵੇਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੂੰ ਚੰਡੀਗੜ੍ਹ ਐਸਐਸਪੀ ਦੇ ਦਫ਼ਤਰ ਲਿਜਾਇਆ ਗਿਆ, ਅਤੇ ਬਾਅਦ ਵਿੱਚ ਸੈਕਟਰ 3 ਪੁਲੀਸ ਥਾਣੇ ਭੇਜ ਦਿੱਤਾ ਗਿਆ। ਚੰਡੀਗੜ੍ਹ ਪੁਲੀਸ ਨੇ ਉਸ ਨੂੰ ਰੋਪੜ ਪੁਲੀਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ।