ਮੋਰਾਂਵਾਲੀ ਕਤਲ: ਪੁੱਤ ਤੇ ਦੋਸਤਾਂ ਖ਼ਿਲਾਫ਼ ਕੇਸ ਦਰਜ
ਪਿੰਡ ਮੋਰਾਂਵਾਲੀ ਵਿੱਚ ਪਰਵਾਸੀ ਭਾਰਤੀ ਅਤੇ ਉਸ ਦੇ ਘਰ ਵਿੱਚ ਕੰਮ ਕਰਨ ਵਾਲੀ ਔਰਤ ਦੇ ਕਤਲ ਮਾਮਲੇ ਵਿੱਚ ਗੜ੍ਹਸ਼ੰਕਰ ਪੁਲੀਸ ਨੇ ਮ੍ਰਿਤਕ ਔਰਤ ਦੇ ਪੁੱਤਰ ਤੇ ਉਸ ਦੇ ਦੋਸਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀ ਐੱਸ ਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਮੋਰਾਂਵਾਲੀ ਵਿੱਚ ਪਰਵਾਸੀ ਭਾਰਤੀ ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਅਤੇ ਉਸ ਦੇ ਘਰ ਵਿੱਚ ਕੰਮ ਕਰਨ ਵਾਲੀ ਔਰਤ ਮਨਜੀਤ ਕੌਰ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਮਨਜੀਤ ਕੌਰ ਦੇ ਘਰ ਦੇ ਮਾਲਕ ਸੰਤੋਖ ਸਿੰਘ ਨਾਲ ਕਥਿਤ ਸਬੰਧ ਸਨ ਅਤੇ ਇਸ ਕਾਰਨ ਮਨਜੀਤ ਕੌਰ ਦਾ ਪੁੱਤਰ ਖਫ਼ਾ ਰਹਿੰਦਾ ਸੀ। ਇਸੇ ਕਾਰਨ ਮਨਦੀਪ ਸਿੰਘ ਉਰਫ਼ ਦੀਪ ਨੇ ਆਪਣੇ ਦੋ-ਤਿੰਨ ਦੋਸਤਾਂ ਦੀ ਮਦਦ ਨਾਲ ਆਪਣੀ ਮਾਂ ਮਨਜੀਤ ਕੌਰ ਅਤੇ ਸੰਤੋਖ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਘਟਨਾ ਦਾ ਦੋ ਦਿਨ ਬਾਅਦ ਉਦੋਂ ਪਤਾ ਲੱਗਿਆ ਜਦੋਂ ਆਂਢ ਗੁਆਂਢ ਦੇ ਲੋਕਾਂ ਨੂੰ ਬਦਬੂ ਆਉਣੀ ਸ਼ੁਰੂ ਹੋਈ। ਪੁਲੀਸ ਅਨੁਸਾਰ ਮਨਦੀਪ ਸਿੰਘ ਅਤੇ ਉਸ ਦੇ ਅਣਪਛਾਤੇ ਦੋਸਤਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।