ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਰੌਲੇ-ਰੱਪੇ ਨਾਲ ਖ਼ਤਮ
ਹਰਿਆਣਾ ਵਿਧਾਨ ਸਭਾ ਦਾ ਚਾਰ ਰੋਜ਼ਾ ਮੌਨਸੂਨ ਇਜਲਾਸ ਅੱਜ ਰੌਲੇ-ਰੱਪੇ ਦੌਰਾਨ ਖ਼ਤਮ ਹੋ ਗਿਆ। ਸੈਸ਼ਨ ਦੇ ਆਖਰੀ ਦਿਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ, ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਸ਼ਹਿਰਾਂ ਵਿੱਚ 50 ਗਜ਼ ਅਤੇ ਪੇਂਡੂ ਖੇਤਰਾਂ ਵਿੱਚ 100 ਗਜ਼ ਤੱਕ ਦੇ ਰਿਹਾਇਸ਼ੀ ਪਲਾਟ ਦੀ ਰਜਿਸਟਰੀ ’ਤੇ ਅਸ਼ਟਾਮ ਡਿਊਟੀ ਖਤਮ ਕਰਨ ਦਾ ਐਲਾਨ ਕੀਤਾ। ਇਹ ਐਲਾਨ ਮੁੱਖ ਮੰਤਰੀ ਨੇ ਵਿਰੋਧੀ ਧਿਰ ਵੱਲੋਂ ਕੁਲੈਕਟਰ ਰੇਟਾਂ ਨੂੰ ਲੈ ਕੇ ਲਿਆਂਦੇ ਧਿਆਨ ਦਿਵਾਊ ਮਤੇ ’ਤੇ ਵਿਚਾਰ ਰੱਖਦਿਆਂ ਕੀਤਾ।
ਸ੍ਰੀ ਸੈਣੀ ਨੇ ਕਿਹਾ ਕਿ 2004 ਤੋਂ 2014 ਤੱਕ ਵਿਰੋਧੀ ਧਿਰ ਦੇ ਸ਼ਾਸਨ ਸਮੇਂ ਕੁਲੈਕਟਰ ਰੇਟ ਵਿੱਚ ਔਸਤਨ 25.11 ਫੀਸਦੀ ਵਾਧਾ ਕੀਤਾ ਗਿਆ ਸੀ, ਜਦੋਂਕਿ ਮੌਜੂਦਾ ਸਰਕਾਰ ਦੇ 2014 ਤੋਂ 2025 ਤੱਕ ਦੇ ਕਾਰਜਕਾਲ ਵਿੱਚ ਸਿਰਫ 9.69 ਫ਼ੀਸਦ ਵਾਧਾ ਹੋਇਆ। ਇਸ ਦੇ ਨਾਲ ਹੀ ਸਰਕਾਰ ਨੇ ਰਜਿਸਟਰੀ ’ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ। ਇਸ ਤੋ ਪਹਿਲਾਂ ਅੱਜ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਹੰਗਾਮਾ ਹੋਇਆ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਕੱਲ੍ਹ ਚਰਚਾ ਹੋ ਚੁੱਕੀ ਹੈ, ਜਿਸ ਕਰਕੇ ਅੱਜ ਇਸ ’ਤੇ ਚਰਚਾ ਕਰਨੀ ਨਹੀਂ ਬਣਦੀ। ਸਪੀਕਰ ਹਰਵਿੰਦਰ ਕਲਿਆਣ ਨੇ ਇਸ ਸਬੰਧੀ ਚਰਚਾ ਨਾ ਕਰਵਾਉਣ ਦੀ ਗੱਲ ਕਹੀ। ਕਾਂਗਰਸੀ ਵਿਧਾਇਕਾਂ ਨੇ ਸਦਨ ਵਿੱਚ ਨਾਅਰੇਬਾਜ਼ੀ ਕੀਤੀ।
ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਲੰਘੇ ਦਿਨ ਆਪਣੇ ਭਾਸ਼ਣ ਦੌਰਾਨ ਸ਼ੈਤਾਨ ਸ਼ਬਦ ਦੀ ਵਰਤੋਂ ਕੀਤੀ ਹੈ, ਉਹ ਗਲਤ ਹੈ। ਇਹ ਕਿਸ ਲਈ ਵਰਤਿਆ ਗਿਆ ਹੈ ਦੱਸਿਆ ਜਾਵੇ। ਸਪੀਕਰ ਕਲਿਆਣ ਨੇ ਸਾਰਿਆਂ ਨੂੰ ਸ਼ਾਂਤ ਕਰਵਾਇਆ। ਇਸ ਤੋਂ ਇਲਾਵਾ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮੁਆਵਜ਼ਾ ਦੇਣ, ਸਿੱਖਿਆ, ਸਿਹਤ ਅਤੇ ਹੋਰ ਮੁੱਦੇ ਚੁੱਕੇ ਗਏ।
ਕਾਂਗਰਸ ਦਾ ਇਤਿਹਾਸ ਫਰਜ਼ੀਵਾੜੇ ਦਾ ਰਿਹਾ: ਸੈਣੀ
ਮੁੱਖ ਮੰਤਰੀ ਨਾਇਬ ਸੈਣੀ ਨੇ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਫਰਜ਼ੀ ਵੋਟਿੰਗ ਨੂੰ ਲੈ ਕੇ ਹੱਲਾ ਮਚਾ ਰਹੀ ਹੈ ਜਦੋਂਕਿ ਇਹ ਪਾਰਟੀ ਆਪਣੇ ਪੂਰੇ ਰਾਜਸੀ ਇਤਿਹਾਸ ਵਿੱਚ ਫਰਜ਼ੀਵਾੜੇ, ਭ੍ਰਿਸ਼ਟਾਚਾਰ ਅਤੇ ਲੋਕਤੰਤਰ ਦੀ ਹੱਤਿਆ ਲਈ ਜ਼ਿੰਮੇਵਾਰ ਰਹੀ ਹੈ। ਉਨ੍ਹਾਂ ਕਿਹਾ ਕਿ 1946 ਵਿੱਚ ਕਾਂਗਰਸ ਦੀਆਂ ਅੰਦਰੂਨੀ ਚੋਣਾਂ ਵਿੱਚ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ 14 ਅਤੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਸਿਰਫ਼ ਇੱਕ ਵੋਟ ਮਿਲਿਆ ਸੀ, ਫ਼ੇਰ ਵੀ ਨਹਿਰੂ ਨੂੰ ਜੇਤੂ ਐਲਾਨਿਆ ਗਿਆ ਸੀ। ਇਹ ਅਸਲੀ ਬੂਥ ਕੈਪਚਰਿੰਗ ਸੀ। ਉਨ੍ਹਾਂ ਕਿਹਾ ਕਿ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਕਟਾਰੀਆ ਨਾਲ ਜੁੜਿਆ ਬੋਗਸ ਵੋਟਿੰਗ ਮਾਮਲਾ ਚਰਚਾ ਵਿੱਚ ਰਿਹਾ।