ਮੁਹਾਲੀ: ਜਲ ਸਪਲਾਈ ਇੰਜਨੀਅਰਾਂ ਵੱਲੋਂ ਮੁੱਖ ਦਫ਼ਤਰ ਦੇ ਬਾਹਰ ਤਿੰਨ ਦਿਨਾਂ ਧਰਨਾ ਸ਼ੁਰੂ
ਦਰਸ਼ਨ ਸਿੰਘ ਸੋਢੀ
ਮੁਹਾਲੀ, 28 ਫਰਵਰੀ
ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰਾਂ ਨੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਦੀ ਅਗਵਾਈ ਹੇਠ ਅੱਜ ਇਥੇ ਸਥਿਤ ਪੰਜਾਬ ਦੇ ਮੁੱਖ ਦਫ਼ਤਰ ਦੇ ਬਾਹਰ ਮੁੜ ਤੋਂ ਤਿੰਨ ਦਿਨਾਂ ਸੂਬਾ ਪੱਧਰੀ ਧਰਨਾ ਸ਼ੁਰੂ ਕਰ ਦਿੱਤਾ ਹੈ। ਸੂਬਾ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਅਤੇ ਜਨਰਲ ਸਕੱਤਰ ਅਰਵਿੰਦ ਸੈਣੀ ਨੇ ਦੱਸਿਆ ਕਿ ਪਹਿਲੀ ਵਾਰੀ ਹੋਇਆ ਹੈ ਕਿ ਪਿਛਲੇ ਸਾਲ ਅਤੇ ਇਸ ਵਰ੍ਹੇ ਸਹਾਇਕ ਇੰਜਨੀਅਰ ਤੋਂ ਉਪ ਮੰਡਲ ਇੰਜਨੀਅਰ ਅਤੇ ਉਪ ਮੰਡਲ ਇੰਜਨੀਅਰ ਤੋਂ ਕਾਰਜਕਾਰੀ ਇੰਜਨੀਅਰ ਲਈ ਕੋਈ ਵੀ ਪਦਉਨਤੀ ਨਹੀਂ ਹੋਈ ਅਤੇ ਨਾ ਹੀ ਪਦਉਨਤੀ ਕੋਟਾ 50 ਤੋਂ 75 ਫੀਸਦ ਕਰਨ ਲਈ ਕੋਈ ਕਾਰਵਾਈ ਹੋਈ ਹੈ।
ਬੁਲਾਰਿਆਂ ਨੇ ਕਿਹਾ ਕਿ ਉਪ ਮੰਡਲ ਇੰਜਨੀਅਰਾਂ ਨੂੰ ਸਫ਼ਰੀ ਭੱਤਾ ਦੇਣਾ ਤਾਂ ਦੂਰ, ਸਗੋਂ ਜੂਨੀਅਰ ਇੰਜਨੀਅਰ ਤੋਂ ਖੋਹੇ ਪੈਟਰੋਲ ਭੱਤੇ ਨੂੰ ਬਹਾਲ ਕਰਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਵਿਭਾਗ ਦੇ ਮੰਤਰੀ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤੀਆਂ। ਇਸ ਲਈ ਸਮੂਹ ਇੰਜਨੀਅਰਾਂ ਵਿੱਚ ਵਿਆਪਕ ਰੋਸ ਹੈ। ਧਰਨੇ ਨੂੰ ਅਸ਼ਵਨੀ ਕੁਮਾਰ ਅੰਮ੍ਰਿਤਸਰ, ਬਲਰਾਜ ਸਿੰਘ ਬਠਿੰਡਾ, ਅੰਮ੍ਰਿਤਪਾਲ ਸਿੰਘ ਫਰੀਦਕੋਟ, ਮਨਿੰਦਰ ਸਿੰਘ ਸੰਗਰੂਰ, ਪਵਨਦੀਪ ਸਿੰਘ ਪਟਿਆਲਾ, ਪ੍ਰੇਮ ਸਿੰਘ ਲੁਧਿਆਣਾ, ਦੀਪਾਂਸ਼ ਗੁਪਤਾ ਚੰਡੀਗੜ੍ਹ, ਗੁਰਮੁੱਖ ਸਿੰਘ ਫਿਰੋਜ਼ਪੁਰ, ਵਰੁਨ ਭੱਟੀ ਹੁਸ਼ਿਆਰਪੁਰ,ਜਲੌਰ ਸਿੰਘ ਮੁਕਤਸਰ, ਜ਼ੋਰਾਵਰ ਸਿੰਘ ਜਲੰਧਰ, ਰਣਵੀਰ ਸਿੰਘ ਰੂਪਨਗਰ, ਹਰਜੀਤ ਸਿੰਘ ਗੁਰਦਾਸਪੁਰ ਨੇ ਸੰਬੋਧਨ ਕੀਤਾ।