ਮੋਗਾ: ਪ੍ਰੇਮ ਵਿਆਹ ਮਗਰੋਂ ਕੁੜੀ ਨੂੰ ਜਿਸਮਫਰੋਸ਼ੀ ਦੇ ਧੰਦੇ ’ਚ ਸੁੱਟਿਆ
ਮੋਗਾ ਦੇ ਪੁਲੀਸ ਥਾਣਾ ਸ਼ਹਿਰੀ ਦੱਖਣੀ ਵਿੱਚ 8 ਅਕਤੂਬਰ ਨੂੰ ਦਰਜ ਕੀਤੀ ਗਈ ਐੱਫਆਈਆਰ ਨੰਬਰ 0268 ਮੁਤਾਬਕ ਪੀੜਤਾ, ਜਿਸ ਦੀ ਪਛਾਣ ਜਸਪ੍ਰੀਤ ਕੌਰ (24, ਨਾਮ ਬਦਲਿਆ ਗਿਆ ਹੈ) ਵਜੋਂ ਹੋਈ ਹੈ, ਪਰਿਵਾਰ ਨੂੰ 27 ਸਤੰਬਰ ਨੂੰ ਬੇਹੋਸ਼ੀ ਦੀ ਹਾਲਤ ’ਚ ਮਿਲੀ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮੈਡੀਕਲ ਰਿਪੋਰਟਾਂ ਨੇ ਪੁਸ਼ਟੀ ਕੀਤੀ ਕਿ ਮਹਿਲਾ ਨੂੰ AIDS ਅਤੇ Hepatitis C ਹੋ ਗਿਆ ਸੀ, ਜਿਸ ਦੀ ਵਜ੍ਹਾ ਸਾਲਾਂ ਤੋਂ ਉਸ ਨੂੰ ਜ਼ਬਰਦਸਤੀ ਦਿੱਤਾ ਜਾ ਰਿਹਾ ਨਸ਼ੀਲਾ ਪਦਾਰਥ ਅਤੇ ਜਿਨਸੀ ਸ਼ੋਸ਼ਣ ਹੈ।
ਐੱਫਆਈਆਰ ਮੁਤਾਬਕ ਮੁਟਿਆਰ ਨਾਲ ਇਸ ਸਾਰੇ ਵਰਤਾਰੇ ਦੀ ਸ਼ੁਰੂਆਤ 2017 ਵਿੱਚ ਹੋਈ ਸੀ, ਜਦੋਂ ਉਹ ਸਿਰਫ਼ 16 ਸਾਲ ਦੀ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਮੁੱਖ ਮੁਲਜ਼ਮ ਗੌਰਵ ਉਰਫ਼ ਗੌਰੀ ਉਸ ਦਾ ਪਿੱਛਾ ਕਰਦਾ ਸੀ ਅਤੇ ਤੰਗ-ਪ੍ਰੇਸ਼ਾਨ ਕਰਦਾ ਸੀ। ਅਖ਼ੀਰ ਇੱਕ ਦਿਨ ਉਹ ਉਸ ਨੂੰ ਘੇਰ ਕੇ ਆਪਣੇ ਘਰ ਲੈ ਗਿਆ, ਜਿੱਥੇ ਮੁਲਜ਼ਮ ਨੇ ਉਸ ਦਾ ਜਿਨਸੀ ਸੋਸ਼ਣ ਕੀਤਾ। ਮੁਲਜ਼ਮ ਨੇ ਇਸ ਦੀ ਵੀਡੀਓ ਰਿਕਾਰਡ ਕੀਤੀ ਅਤੇ ਬਾਅਦ ਵਿੱਚ ਮੁਟਿਆਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਮੁਲਜ਼ਮ ਨੇ ਵਾਰ-ਵਾਰ ਵੀਡੀਓ ਲੀਕ ਕਰਨ ਦੀ ਧਮਕੀ ਦੇ ਕੇ ਕਥਿਤ ਤੌਰ ’ਤੇ ਉਸ ਨੂੰ ਹੋਟਲਾਂ ’ਚ ਸੱਦ ਕੇ ਉਸ ਦਾ ਸੋਸ਼ਣ ਕੀਤਾ।
ਐੱਫਆਈਆਰ ਮੁਤਾਬਕ ਮੁਲਜ਼ਮ ਗੌਰਵ ਨੇ ਫਰਵਰੀ, 2018 ਵਿੱਚ ਮੁਟਿਆਰ ਦੀ ਕਥਿਤ ਤੌਰ ’ਤੇ ਅਸ਼ਲੀਲ ਵੀਡੀਓ ਉਸ ਦੇ ਭਰਾ ਨੂੰ ਭੇਜੀ। ਇਸ ਮਗਰੋਂ ਪਰਿਵਾਰ ਨੇ ਮਦਦ ਲਈ ਪੁਲੀਸ ਹੈਲਪਲਾਈਨ (112) ਤੱਕ ਪਹੁੰਚ ਕੀਤੀ। ਹਾਲਾਂਕਿ ਪੀੜਤਾ ਨੇ ਦਾਅਵਾ ਕੀਤਾ ਕਿ ਸਥਾਨਕ ਸਿਆਸੀ ਦਖ਼ਲਅੰਦਾਜ਼ੀ ਮਗਰੋਂ ਮਾਮਲਾ ਠੰਢੇ ਬਸਤੇ ਪਾ ਦਿੱਤਾ ਗਿਆ। ਇਸ ਮਗਰੋਂ ਇੱਕ ਨਗਰ ਕੌਂਸਲਰ ਨੇ ਕਥਿਤ ਤੌਰ ’ਤੇ ਗੌਰਵ ਦੀ ਰਿਹਾਈ ਨੂੰ ਯਕੀਨੀ ਬਣਾਇਆ ਅਤੇ ਉਸ ਦੇ ਪਰਿਵਾਰ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਿਆਸੀ ਸ਼ਹਿ ਮਿਲਣ ਮਗਰੋਂ ਗੌਰਵ ਨੇ ਅਪਰੈਲ, 2021 ਵਿੱਚ ਦੋ ਸਾਥੀਆਂ ਨਾਲ ਇੱਕ ਸਕਾਰਪੀਓ ਗੱਡੀ ’ਚ ਲੜਕੀ ਨੂੰ ਅਗ਼ਵਾ ਕਰ ਲਿਆ। ਐੱਫਆਈਆਰ ਮੁਤਾਬਕ ਦਬਾਅ ਅਤੇ ਲਗਾਤਾਰ ਧਮਕੀਆਂ ਮਗਰੋਂ ਪੀੜਤਾ ਨੂੰ ਮਈ-ਜੂਨ 2021 ਦੇ ਨੇੜੇ-ਤੇੜੇ ਮੁਲਜ਼ਮ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ।
ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ‘ਨਰਕ’ ਬਣ ਗਈ। ਮੁਲਜ਼ਮ ਨੇ ਕਥਿਤ ਤੌਰ ’ਤੇ ਪੀੜਤਾ ਨੂੰ ਸਰੀਰਕ ਤਸੀਹੇ ਦਿੱਤੇ, ਉਸ ਨੂੰ ਨਸ਼ੀਲਾ ਪਦਾਰਥ ਲੈਣ ਲਈ ਮਜਬੂਰ ਕੀਤਾ ਅਤੇ ਉਸ ਨੂੰ ਹੋਰ ਆਦਮੀਆਂ ਕੋਲ ਭੇਜਣਾ ਸ਼ੁਰੂ ਕਰ ਦਿੱਤਾ।
ਪੀੜਤਾ ਨੇ ਸਤੰਬਰ, 2022 ਵਿੱਚ ਇੱਕ ਮੁੰਡੇ ਨੂੰ ਜਨਮ ਦਿੱਤਾ ਪਰ ਜਣੇਪੇ ਦੇ ਕੁੱਝ ਦਿਨਾਂ ਮਗਰੋਂ ਮੁਲਜ਼ਮ ਗੌਰਵ ਨੇ ਕਥਿਤ ਤੌਰ ’ਤੇ ਬੱਚਾ ਅਗ਼ਵਾ ਕਰ ਲਿਆ ਅਤੇ ਪਿੰਡ ਦੀ ਇੱਕ ਆਸ਼ਾ ਵਰਕਰ ਰਾਹੀਂ ਉਸ ਨੂੰ ਤਿੰਨ ਲੱਖ ਰੁਪਏ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ।
ਭਾਈਚਾਰਕ ਦਖ਼ਲਅੰਦਾਜ਼ੀ ਤੋਂ ਬਾਅਦ ਬੱਚਾ ਬਰਾਮਦ ਕਰ ਲਿਆ ਗਿਆ ਪਰ ਬਿਮਾਰ ਹੋਣ ਕਾਰਨ ਅੱਠ ਮਹੀਨਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਸਹੁਰਿਆਂ ਨੇ ਜੋੜੇ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਦੇ ਪਤੀ ਨੇ ਕਥਿਤ ਤੌਰ ’ਤੇ ਨਸ਼ੇ ਦੀ ਲਤ ਪੂਰੀ ਕਰਨ ਲਈ ਪੀੜਤਾ ਨੂੰ ਦੇਹ ਵਪਾਰ ’ਤੇ ਲਾ ਦਿੱਤਾ।
ਜਸਪ੍ਰੀਤ ਕੌਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਕਿਵੇਂ ਉਸ ਨੂੰ ਕਥਿਤ ਤੌਰ ’ਤੇ ਮੋਗਾ ਦੇ ਕਈ ਅਦਾਰਿਆਂ ਵਿੱਚ ਸੈਕਸ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਸ ਨੇ ਖੁਲਾਸਾ ਕੀਤਾ ਕਿ ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਐੱਫਆਈਆਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਉਸ ਦੀਆਂ ਵੀਡੀਓ ਬਣਾ ਕੇ ਉਸ ਨੂੰ ਹੁਕਮ ਮਨਵਾਉਣ ਲਈ ਬਲੈਕਮੇਲ ਕੀਤਾ ਗਿਆ।
ਪੀੜਤਾ ਦੀ ਸ਼ਿਕਾਇਤ ਵਿੱਚ ਇੱਕ ਨਗਰ ਕੌਂਸਲਰ, ਇੱਕ ਸਰਪੰਚ ਅਤੇ ਇੱਕ ਹੋਟਲ ਦਾ ਕਥਿਤ ਮਾਲਕ ਤੇ ਇੱਕ ‘ਆਪ’ ਨੇਤਾ ਅਤੇ ਇੱਕ ਸਕਰੈਪ ਡੀਲਰ ਦਾ ਨਾਮ ਸ਼ਾਮਲ ਹੈ, ਸਾਰਿਆਂ ਖ਼ਿਲਾਫ਼ ਜਿਨਸੀ ਸੋਸ਼ਣ ਅਤੇ ਨਸ਼ੇ ਦੀ ਲਤ ਲਾਉਣ ਦਾ ਦੋਸ਼ ਲਾਇਆ ਗਿਆ ਹੈ।
ਪੀੜਤਾ ਨੇ ਦੋਸ਼ ਲਾਇਆ ਕਿ ਕੌਂਸਲਰ, ਜਿਸ ਨੇ ਪਹਿਲਾਂ ਗੌਰਵ ਨੂੰ ਕਾਰਵਾਈ ਤੋਂ ਬਚਣ ’ਚ ਮਦਦ ਕੀਤੀ ਸੀ, ਬਾਅਦ ਵਿੱਚ ਉਸ ਨੂੰ ਅਣਪਛਾਤੇ ਘਰ ’ਚ ਲੈ ਗਿਆ ਅਤੇ ਉੱਥੇ ਵਾਰ-ਵਾਰ ਉਸ ਨਾਲ ਜਬਰਦਸਤੀ ਕੀਤੀ।
ਇਸ ਮਾਮਲੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਘਟਨਾ ਨਾਲ ਪੰਜਾਬ ਦੇ ਅੰਦਰੂਨੀ ਇਲਾਕਿਆਂ ’ਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਸਿਆਸੀ ਤਾਕਤ ਦੀ ਔਰਤਾਂ ਦੇ ਸੋਸ਼ਣ ’ਚ ਭੂਮਿਕਾ ਬਾਰੇ ਕਈ ਸਵਾਲ ਖੜ੍ਹੇ ਕੀਤੇ ਹਨ।
ਇੱਕ ਸਥਾਨਕ ਕਾਰਕੁਨ ਨੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕਰਦਿਆਂ ਕਿਹਾ, ‘‘ਇੱਕ ਮੁਟਿਆਰ ਨੇ ਵਾਰ-ਵਾਰ ਮਦਦ ਮੰਗੀ ਪਰ ਉਸ ਨੂੰ ਹਰ ਪੜਾਅ ’ਤੇ ਚੁੱਪ ਕਰਵਾ ਦਿੱਤਾ ਗਿਆ।’’
ਮੁੱਖ ਮੁਲਜ਼ਮ ਗ੍ਰਿਫ਼ਤਾਰ: ਡੀਐੱਸਪੀ
ਪੁਲੀਸ ਨੇ ਹੁਣ ਤੱਕ ਅਨੈਤਿਕ ਟਰੈਫਿਕ (ਰੋਕਥਾਮ) ਐਕਟ, 1956 ਦੀ ਧਾਰਾ 5 ਅਤੇ ਹੋਰ ਸਬੰਧਿਤ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਹੈ, ਜਿਸ ’ਚ ਗੌਰਵ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਹੈ। ਪੀੜਤਾ ਦੇ ਬਿਆਨ ’ਚ ਨਾਮਜ਼ਦ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਮੋਗਾ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਗੌਰਵ ਉਰਫ਼ ਗੌਰੀ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਇਹ ਮਾਮਲਾ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਸੌਂਪਿਆ ਗਿਆ ਹੈ। ਜੇਕਰ ਸ਼ਿਕਾਇਤ ਵਿੱਚ ਨਾਮਜ਼ਦ ਹੋਰਾਂ ਖ਼ਿਲਾਫ਼ ਸਬੂਤ ਮਿਲਦੇ ਹਨ ਤਾਂ ਢੁੱਕਵੀਂ ਕਾਰਵਾਈ ਸ਼ੁਰੁੂ ਕੀਤੀ ਜਾਵੇਗੀ।’’ ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਸਿਆਸੀ ਆਗੂ ਜਾਂ ਹੋਰ ਵਿਅਕਤੀ ਖ਼ਿਲਾਫ਼ ਦੋਸ਼ ਸਾਬਤ ਹੁੰਦੇ ਹਨ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।