ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Moga: ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਦਾ ਦੇਹਾਂਤ

ਲੰਬੇ ਸਮੇਂ ਤੋਂ ਸਨ ਬਿਮਾਰ; ਮੋਗਾ ਦੇ ਨਿੱਜੀ ਹਸਪਤਾਲ ’ਚ ਆਖ਼ਰੀ ਸਾਹ ਲਿਆ
Advertisement
ਮਹਿੰਦਰ ਸਿੰਘ ਰੱਤੀਆਂ

ਮੋਗਾ, 27 ਨਵੰਬਰ

Advertisement

ਇੱਥੇ ਸ਼ਹਿਰੀ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਇੱਥੇ ਗਾਂਧੀ ਰੋਡ ਸਥਿਤ ਸਵਰਗ ਆਸ਼ਰਮ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਵਿਧਾਇਕ, ਸਾਬਕਾ ਵਿਧਾਇਕਾਂ, ਧਾਰਮਿਕ, ਸਮਾਜਿਕ ਤੇ ਹੋਰ ਸਿਆਸੀ ਆਗੂਆਂ ਸਮੇਤ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ। ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਲੰਬੇ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। ਜੈਨ ਨੂੰ ਚਾਹੁਣ ਵਾਲਿਆਂ ਵੱਲੋਂ ਜੋਗਿੰਦਰ ਪਾਲ ਦੇ ਬੇਟੇ ਤੇ ਸਾਬਕਾ ਮੇਅਰ ਅਕਸ਼ਿਤ ਜੈਨ ਨਾਲ ਦੁੱਖ ਸਾਂਝਾ ਕੀਤਾ।

ਮੋਗਾ ਦੀ ਸਿਆਸਤ ਵਿੱਚ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਦਾ ਵੱਡਾ ਨਾਂ ਸੀ। ਉਨ੍ਹਾਂ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਟਿਕਟ ਉੱਤੇ ਚੋਣ ਲੜੀ ਅਤੇ ਮਰਹੂਮ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਜਥੇਦਾਰ ਤੋਤਾ ਸਿੰੰਘ ਨੂੰ ਹਰਾਇਆ ਸੀ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਕਾਂਗਰਸ ਦੀ ਟਿਕਟ ਉੱਤੇ ਚੋਣ ਲੜੀ ਅਤੇ ਅਕਾਲੀ ਉਮੀਦਵਾਰ ਸਾਬਕਾ ਡੀਜੀਪੀ ਪੀਐੱਸ ਗਿੱਲ ਨੂੰ ਚਿੱਤ ਕਰ ਕੇ ਵਿਧਾਨ ਸਭਾ ਪੁੱਜੇ। ਦਸੰਬਰ 2012 ਵਿਚ ਉਨ੍ਹਾਂ ਕਾਂਗਰਸ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਅਤੇ ਅਕਾਲੀ ਦਲ ’ਚ ਸ਼ਾਮਲ ਹੋ ਗਏ। ਜਨਵਰੀ 2013 ਵਿੱਚ ਹੋਈ ਜ਼ਿਮਨੀ ਚੋਣ ਵਿੱਚ ਉਨ੍ਹਾਂ ਕਾਂਗਰਸ ਉਮੀਦਵਾਰ ਸਾਬਕਾ ਵਿਧਾਇਕ ਵਿਜੇ ਸਾਥੀ ਨੂੰ ਹਰਾਇਆ। ਸਾਬਕਾ ਵਿਧਾਇਕ ਜੈਨ ਦੀ ਸਿਹਤ ਠੀਕ ਨਾ ਹੋਣ ਕਾਰਨ ਕਰੀਬ ਦੋ ਸਾਲ ਤੋਂ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਠੱਪ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਪਾਰਟੀ ਵਿਰੋਧੀ ਕਾਰਵਾਈਆਂ ਦਾ ਦੋਸ਼ ਲਾ ਕੇ ਪਿਉ-ਪੁੱਤ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਲੋਕ ਸਭਾ ਚੋਣਾਂ ਦੇ ਨੇੜੇ 13 ਮਾਰਚ 2024 ਨੂੰ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਪੁੱਜੇ ਤੇ ਉਨ੍ਹਾਂ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਭਾਜਪਾ ਦਾ ਪੱਲਾ ਫੜ ਲਿਆ।

 

 

Advertisement
Show comments