ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅੱਜ

ਸੂਬੇ ਦੇ ਲੋਕਾਂ ਨੂੰ ‘ਸਪੈਸ਼ਲ ਰਾਹਤ ਪੈਕੇਜ’ ਦੀ ਆਸ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਮੰਗਲਵਾਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਸੂਬੇ ਦੇ ਲੋਕ ਕੇਂਦਰ ਤੋਂ ‘ਸਪੈਸ਼ਲ ਰਾਹਤ ਪੈਕੇਜ’ ਲਈ ਆਸਵੰਦ ਹਨ। ਹੜ੍ਹਾਂ ’ਚ ਸਭ ਕੁੱਝ ਗੁਆ ਚੁੱਕੇ ਲੋਕਾਂ ਲਈ ਪ੍ਰਧਾਨ ਮੰਤਰੀ ਦੀ ਫੇਰੀ ਮੱਲ੍ਹਮ ਦਾ ਕੰਮ ਕਰ ਸਕਦੀ ਹੈ। ਮੋਦੀ ਦੀ ਫੇਰੀ ਤੋਂ ਐਨ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਨੇ ਅੱਜ ਹੜ੍ਹ ਪੀੜਤਾਂ ਲਈ ਰਾਹਤ ਪੈਕੇਜ ਐਲਾਨ ਦਿੱਤਾ ਹੈ। ਪੰਜਾਬ ਕੈਬਨਿਟ ਦੇ ਫ਼ੈਸਲੇ ਮਗਰੋਂ ਹੁਣ ਲੋਕ ਕੇਂਦਰ ਤੋਂ ਵੀ ‘ਸਪੈਸ਼ਲ ਰਾਹਤ ਪੈਕੇਜ’ ਦੀ ਉਮੀਦ ਕਰ ਰਹੇ ਹਨ।

ਪ੍ਰਧਾਨ ਮੰਤਰੀ ਦੇ ਸਰਹੱਦੀ ਸੂਬੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਦੌਰੇ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਪੱਬਾਂ ਭਾਰ ਹੈ। ਪੰਜਾਬ ਪੁਲੀਸ ਜਨਵਰੀ 2022 ’ਚ ਪ੍ਰਧਾਨ ਮੰਤਰੀ ਦੀ ਫ਼ਿਰੋਜ਼ਪੁਰ ਫੇਰੀ ਮੌਕੇ ਸੁਰੱਖਿਆ ’ਚ ਹੋਈ ਕੁਤਾਹੀ ਦੇ ਕੌੜੇ ਤਜਰਬੇ ਨੂੰ ਹਾਲੇ ਤੱਕ ਨਹੀਂ ਭੁੱਲੀ ਹੈ ਅਤੇ ਹੁਣ ਸੁਰੱਖਿਆ ਪ੍ਰਬੰਧਾਂ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡੀਜੀਪੀ ਗੌਰਵ ਯਾਦਵ ਖ਼ੁਦ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਕਰ ਰਹੇ ਹਨ। ਮੋਦੀ ਦੁਪਹਿਰ 12 ਵਜੇ ਪਠਾਨਕੋਟ ਪੁੱਜਣਗੇ ਜਿੱਥੋਂ ਉਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਲਈ ਰਵਾਨਾ ਹੋਣਗੇ। ਠੀਕ ਪੌਣੇ ਚਾਰ ਵਜੇ ਪ੍ਰਧਾਨ ਮੰਤਰੀ ਗੁਰਦਾਸਪੁਰ ਪੁੱਜਣਗੇ। ਉਸ ਤੋਂ ਪਹਿਲਾਂ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਵੀ ਕਰਨਗੇ। ਪ੍ਰਧਾਨ ਮੰਤਰੀ ਗੁਰਦਾਸਪੁਰ ’ਚ ਹੜ੍ਹਾਂ ਦੇ ਮਾਮਲੇ ’ਤੇ ਉੱਚ ਪੱਧਰੀ ਮੀਟਿੰਗ ਕਰਨਗੇ ਅਤੇ ਸ਼ਾਮ ਕਰੀਬ ਸਾਢੇ ਪੰਜ ਵਜੇ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ। ਉਨ੍ਹਾਂ ਦੀ ਕਰੀਬ ਡੇਢ ਘੰਟਾ ਪੰਜਾਬ ’ਚ ਠਹਿਰ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਜ਼ੇਰੇ ਇਲਾਜ ਹੋਣ ਕਰਕੇ ਭਲਕੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਨਹੀਂ ਪਹੁੰਚ ਸਕਣਗੇ।

Advertisement

ਕੈਬਨਿਟ ਮੰਤਰੀ ਅਮਨ ਅਰੋੜਾ ਪ੍ਰਧਾਨ ਮੰਤਰੀ ਦੇ ਦੌਰੇ ਮੌਕੇ ਪਠਾਨਕੋਟ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਗੁਰਦਾਸਪੁਰ ’ਚ ਹਾਜ਼ਰ ਰਹਿਣਗੇ। ਪ੍ਰਧਾਨ ਮੰਤਰੀ ਦੀ ਇਹ ਪੰਜਾਬ ਦੀ ਅਹਿਮ ਫੇਰੀ ਹੈ ਅਤੇ ਉਸ ਤੋਂ ਪਹਿਲਾਂ ਹੀ ਸੂਬੇ ’ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸੂਬਾ ਸਰਕਾਰ ਦੇ ਵਜ਼ੀਰਾਂ ਨੇ ਅੱਜ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਹੈ। ‘ਆਪ’ ਦੇ ਸੂਬਾ ਕਨਵੀਨਰ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਤੋਂ ਪੰਜਾਬ ਲਈ 20 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਅਤੇ ਨਾਲ ਹੀ 60 ਹਜ਼ਾਰ ਕਰੋੜ ਦੇ ਪੁਰਾਣੇ ਬਕਾਏ ਵੀ ਮੰਗੇ ਹਨ। ਮੋਦੀ ਦੇ ਦੌਰੇ ਤੋਂ ਪੰਜਾਬ ਭਾਜਪਾ ਵੀ ਕਾਫ਼ੀ ਉਮੀਦਾਂ ਲਾਈ ਬੈਠੀ ਹੈ। ਕਿਸਾਨ ਯੂਨੀਅਨਾਂ ਦੀ ਵੀ ਰਾਹਤ ਪੈਕੇਜ ’ਤੇ ਨਜ਼ਰਾਂ ਹਨ।

ਪੰਜਾਬ ਦਾ ਕੇਸ ਰੱਖਣਗੇ ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬ ਦਾ ਕੇਸ ਰੱਖਣਗੇ। ਜਾਖੜ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਭਲਕੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੀ ਹੜ੍ਹਾਂ ਨਾਲ ਹੋਈ ਤਬਾਹੀ ਦੇ ਮੱਦੇਨਜ਼ਰ ਭਾਜਪਾ ਆਪਣੀਆਂ ਮੰਗਾਂ ਦਾ ਚਾਰਟਰ ਰੱਖੇਗੀ। ਜਾਖੜ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਤੋਂ ਮੰਗ ਕਰਨਗੇ ਕਿ ਕੁਦਰਤੀ ਆਫ਼ਤਾਂ ਮੌਕੇ ਹੁੰਦੇ ਨੁਕਸਾਨ ਦੀ ਭਰਪਾਈ ਲਈ ਜੋ ਮੁਆਵਜ਼ੇ ਦੇ ਨਾਰਮਜ਼ ਹਨ, ਉਹ ਵੇਲਾ ਵਿਹਾਅ ਚੁੱਕੇ ਹਨ ਅਤੇ ਉਨ੍ਹਾਂ ਨੂੰ ਮੌਜੂਦਾ ਲਾਗਤ ਕੀਮਤਾਂ ਅਤੇ ਖ਼ਰਚਿਆਂ ਦੇ ਹਿਸਾਬ ਨਾਲ ਰੀਵਿਊ ਕੀਤਾ ਜਾਵੇ। ਉਹ ਇਹ ਵੀ ਮੰਗ ਕਰਨਗੇ ਕਿ ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੱਕੇ ਇਲਾਜ ਲਈ ਠੋਸ ਰਣਨੀਤੀ ਤਿਆਰ ਕੀਤੀ ਜਾਵੇ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਆਸ ਜ਼ਾਹਿਰ ਕੀਤੀ ਹੈ ਕਿ ਪ੍ਰਧਾਨ ਮੰਤਰੀ ਪੰਜਾਬ ’ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨਗੇ।

ਪ੍ਰਧਾਨ ਮੰਤਰੀ ਦੇ ਦੌਰੇ ਦਾ ਸਵਾਗਤ: ਮੁੱਖ ਮੰਤਰੀ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ ਆ ਰਹੇ ਨੇ, ਮੈਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ। ਮੇਰੀ ਸਿਹਤ ਠੀਕ ਨਹੀਂ ਹੈ, ਨਹੀਂ ਤਾਂ ਮੈਂ ਖੁਦ ਆ ਕੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਨ੍ਹਾਂ ਦਾ ਮੁਆਇਨਾ ਕਰਵਾਉਂਦਾ। ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਅਤੇ ਪੰਜਾਬੀਆਂ ਨੂੰ ਕੁਦਰਤੀ ਆਫ਼ਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁਝ ਨਾ ਕੁਝ ਵਧੀਆ ਪੈਕੇਜ ਜਾਂ ਐਲਾਨ ਕਰ ਕੇ ਜਾਣਗੇ।’

Advertisement
Show comments