ਮੋਦੀ ਨੇ ਪੰਜਾਬ ਦੀ ਮਿਹਨਤਕਸ਼ ਧਰਤੀ ਦਾ ਅਪਮਾਨ ਕੀਤਾ: ਸਿਸੋਦੀਆ
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹਾਂ ਦੌਰਾਨ ਹੋਏ ਪੰਜਾਬ ਦੇ ਨੁਕਸਾਨ ਲਈ ਦਿੱਤੇ 1600 ਕਰੋੜ ਨੂੰ ਬਹੁਤ ਘੱਟ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਵੇਲੇ ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਧਰਤੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਦਾ ਢਿੱਡ ਅਨਾਜ ਨਾਲ ਭਰਿਆ ਹੈ ਅਤੇ ਸਰਹੱਦਾਂ ’ਤੇ ਬਾਹਰਲੇ ਮੁਲਕਾਂ ਤੋਂ ਦੇਸ਼ ਦੀ ਰਾਖੀ ਕੀਤੀ ਹੈ ਅਤੇ ਅੱਜ ਜਦੋਂ ਪੰਜਾਬ ਹੜ੍ਹਾਂ ਨਾਲ ਡੁੱਬਿਆ ਪਿਆ ਹੈ ਤਾਂ ਇਸ ਦੀ ਕੇਂਦਰ ਵੱਲੋਂ ਬਾਂਹ ਨਹੀਂ ਫੜੀ ਗਈ। ਉਹ ਅੱਜ ਇਥੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਹੜ੍ਹ ਪੀੜਤਾਂ ਲਈ ਪਸ਼ੂਆਂ ਦਾ ਚਾਰਾ ਇਕੱਠਾ ਕਰਨ ਦੀ ਸੇਵਾ ਦੌਰਾਨ ਦੁਰਘਟਨਾ ਵਿੱਚ ਮਾਰੇ ਗਏ ਪਾਰਟੀ ਦੇ ਹਲਕਾ ਭੀਖੀ ਦੇ ਇੰਚਾਰਜ ਨਵਨੀਤ ਸਿੰਘ ਨੀਤੂ ਦੇ ਪਿੰਡ ਢੈਪਈ ਵਿੱਚ ਭੋਗ ਵਿੱਚ ਸ਼ਾਮਲ ਹੋਏ ਸਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨਾਲ ਇਸ ਔਖੀ ਘੜੀ ਵੇਲੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਣਖ਼ੀ ਲੋਕ ਚੋਣਾਂ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਬਕ ਜ਼ਰੂਰ ਸਿਖਾਉਣਗੇ। ਇਸ ਮੌਕੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਚਰਨਜੀਤ ਸਿੰਘ ਅੱਕਾਂਵਾਲੀ ਨੇ ਵੀ ਸੰਬੋਧਨ ਕੀਤਾ।