ਵਿਧਾਇਕਾ ਅਨਮੋਲ ਗਗਨ ਮਾਨ ਦੇ ਫ਼ੈਸਲੇ ਨੇ ਵਿਰੋਧੀ ‘ਚੁੱਪ’ ਕਰਵਾਏ
ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਪਾਰਟੀ ਵੱਲੋਂ ਨਾ-ਮਨਜ਼ੂਰ ਕੀਤੇ ਜਾਣ ਮਗਰੋਂ ‘ਆਪ’ ਆਗੂ ਨੇ ਹਲਕੇ ਦੀ ਸੇਵਾ ਕਰਦੇ ਰਹਿਣ ਦਾ ਫ਼ੈਸਲਾ ਕੀਤਾ ਹੈ, ਜਿਸ ਮਗਰੋਂ ਪਾਰਟੀ ਵਰਕਰ ਅਤੇ ਸਮਰਥਕ ਕਾਫ਼ੀ ਉਤਸ਼ਾਹਿਤ ਹਨ। ਵਿਧਾਇਕਾ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ, ਖ਼ਾਸ ਕਰਕੇ ਆਮ ਆਦਮੀ ਪਾਰਟੀ (ਆਪ) ਵਿੱਚ ਹਲਚਲ ਸ਼ੁਰੂ ਹੋ ਗਈ ਸੀ ਪਰ ਅੱਜ ਪਾਰਟੀ ਪ੍ਰਧਾਨ ਅਮਨ ਅਰੋੜਾ ਵੱਲੋਂ ਅਨਮੋਲ ਗਗਨ ਮਾਨ ਨਾਲ ਕੀਤੀ ਗਈ ਮੁਲਾਕਾਤ ਨੇ ਵੱਖ-ਵੱਖ ਕਿਆਸ-ਅਰਾਈਆਂ ’ਤੇ ਰੋਕ ਲਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਹਲਕਾ ਖਰੜ ਦੇ ‘ਆਪ’ ਵਾਲੰਟੀਅਰ ਅਤੇ ਵਿਧਾਇਕਾ ਦੇ ਸਮਰਥਕ ਉਨ੍ਹਾਂ ਦੀ ਰਿਹਾਇਸ਼ ’ਤੇ ਮੌਜੂਦ ਸਨ। ਕੁਝ ਸਮੇਂ ਬਾਅਦ ਹੀ ਅਮਨ ਅਰੋੜਾ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਗੱਲਬਾਤ ਕੀਤੀ। ਸ੍ਰੀ ਅਰੋੜਾ ਨਾਲ ਮੀਟਿੰਗ ਅਤੇ ਭਰੋਸੇ ਮਗਰੋਂ ਅਨਮੋਲ ਗਗਨ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਅਸਤੀਫ਼ਾ ਵਾਪਸ ਲੈਣ ਅਤੇ ਹਲਕੇ ਦੀ ਸੇਵਾ ਕਰਦੇ ਰਹਿਣ ਦਾ ਐਲਾਨ ਕੀਤਾ।
ਅਨਮੋਲ ਗਗਨ ਮਾਨ ਦੇ ਅਸਤੀਫ਼ਾ ਵਾਪਸ ਲੈਣ ਦੇ ਐਲਾਨ ਨੇ ਉਨ੍ਹਾਂ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ, ਜਿਨ੍ਹਾਂ ਨੇ ਪਾਰਟੀ ਅਤੇ ਵਿਧਾਇਕਾ ਖ਼ਿਲਾਫ਼ ਸ਼ਬਦੀ ਜੰਗ ਸ਼ੁਰੂ ਕੀਤੀ ਹੋਈ ਸੀ। ਹਾਲਾਂਕਿ ਇਸ ‘ਯੂ-ਟਰਨ’ ਤੋਂ ਬਾਅਦ ਇਸ ਘਟਨਾਕ੍ਰਮ ਨੂੰ ਪਾਰਟੀ ਦੇ ਅੰਦਰੂਨੀ ਹਾਲਾਤ ਅਤੇ ਬਾਹਰਲੀ ਦਖ਼ਲਅੰਦਾਜ਼ੀ ਨਾਲ ਜੋੜਿਆ ਜਾ ਰਿਹਾ ਹੈ। ਅਸਤੀਫ਼ੇ ਦੇ ਅਸਲ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ ਕਿਉਂਕਿ ਅਨਮੋਲ ਗਗਨ ਮਾਨ ਅਤੇ ਹੋਰ ਆਗੂ ਮੀਡੀਆ ਨਾਲ ਗੱਲਬਾਤ ਕਰਨ ਦੀ ਥਾਂ ਐਕਸ ’ਤੇ ਹੀ ਜਾਣਕਾਰੀ ਸਾਂਝੀ ਕਰ ਰਹੇ ਹਨ।
ਸਥਾਨਕ ਆਗੂਆਂ ਵੱਲੋਂ ਵਿਧਾਇਕਾ ਨੂੰ ਬਣਦੇ ਅਧਿਕਾਰ ਦੇਣ ਦੀ ਮੰਗ
ਕੌਂਸਲਰ ਬਹਾਦਰ ਸਿੰਘ ਓ ਕੇ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਸਾਬਕਾ ਕੌਂਸਲਰ ਪ੍ਰਦੀਪ ਰੂੜਾ, ਡਾ. ਅਸ਼ਵਨੀ ਸ਼ਰਮਾ, ਬਲਾਕ ਪ੍ਰਧਾਨ ਨਵਦੀਪ ਸੈਣੀ, ਅਮਿਤ ਖੁੱਲਰ ਅਤੇ ਹੋਰਨਾਂ ਨੇ ਵੀ ਅਨਮੋਲ ਗਗਨ ਮਾਨ ਦੀ ਰਿਹਾਇਸ਼ ਵਿੱਚ ਹੀ ਪਾਰਟੀ ਪ੍ਰਧਾਨ ਅਮਨ ਅਰੋੜਾ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਧਾਇਕਾ ਨੂੰ ਬਣਦੇ ਅਧਿਕਾਰ ਦੇਣ ਅਤੇ ਆਪਣੇ ਹਲਕੇ ਦੇ ਫ਼ੈਸਲੇ ਖ਼ੁਦ ਲੈਣ ਦੇ ਅਧਿਕਾਰ ਦੇਣ ਦੀ ਮੰਗ ਕੀਤੀ। ਇਸ ’ਤੇ ਅਮਨ ਅਰੋੜਾ ਨੇ ਹਲਕੇ ਦੇ ਪਾਰਟੀ ਆਗੂਆਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਨਮੋਲ ਗਗਨ ਮਾਨ ਪਾਰਟੀ ਅਤੇ ਹਲਕੇ ਦੀ ਸੇਵਾ ਕਰਦੇ ਰਹਿਣਗੇ।