ਲਾਪਤਾ ਪਾਵਨ ਸਰੂਪ: ਡੱਲੇਵਾਲ ਤੇ ਵਡਾਲਾ ਵੱਲੋਂ ਸਰਕਾਰ ਨੂੰ ਅਲਟੀਮੇਟਮ
ਜਗਤਾਰ ਸਿੰੰਘ ਲਾਂਬਾ
ਅੰਮ੍ਰਿਤਸਰ, 12 ਜੁਲਾਈ
ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਅੱਜ ਇੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਨੇ ਸਾਂਝੇ ਤੌਰ ’ਤੇ ਆਖਿਆ ਕਿ ਜੇ ਇਸ ਮਾਮਲੇ ਵਿੱਚ 15 ਦਿਨਾਂ ਵਿੱਚ ਸਰਕਾਰ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ ਤਾਂ ਉਹ ਵੱਡਾ ਇਕੱਠ ਕਰਨਗੇ ਅਤੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ।
ਜ਼ਿਕਰਯੋਗ ਹੈ ਕਿ ਸਿੱਖ ਸਦਭਾਵਨਾ ਦਲ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਥੇ ਹੈਰੀਟੇਜ ਸਟਰੀਟ ਵਿੱਚ ਇਸ ਮੁੱਦੇ ਨੂੰ ਲੈ ਕੇ ਧਰਨਾ ਜਾਰੀ ਹੈ। ਅੱਜ ਇਸੇ ਮਾਮਲੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਉਨ੍ਹਾਂ ਦੇ ਸਮਰਥਕ ਇੱਥੇ ਪੁੱਜੇ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਿੱਖ ਸਦਭਾਵਨਾ ਦਲ ਨੇ ਸਮਰਥਨ ਕੀਤਾ ਸੀ ਅਤੇ ਹੁਣ ਇਸ ਮਾਮਲੇ ਵਿੱਚ ਐੱੱਸਕੇਐੱਮ ਗ਼ੈਰ ਰਾਜਨੀਤਿਕ ਵੱਲੋਂ ਸਮਰਥਨ ਕੀਤਾ ਜਾਵੇਗਾ। ਆਗੂਆਂ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ 15 ਦਿਨਾਂ ਵਿੱਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕੇਸ ਦਰਜ ਹੋਵੇ, ਜੇ ਅਜਿਹਾ ਨਾ ਹੋਇਆ ਤਾਂ ਉਹ ਵੱਡਾ ਇਕੱਠ ਸੱਦਣਗੇ ਅਤੇ ਇਸ ਖ਼ਿਲਾਫ਼ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ 57 ਮਹੀਨਿਆਂ ਤੋਂ ਇੱਥੇ ਧਰਨੇ ’ਤੇ ਬੈਠੇ ਹਨ ਅਤੇ ਇਸ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੀ ਹਾਜ਼ਰ ਸਨ।