ਮਿੰਨੀ ਬੱਸ ਅਤੇ ਟਿੱਪਰ ਦੀ ਟੱਕਰ, 19 ਜ਼ਖ਼ਮੀ
ਇੱਥੇ ਅੱਜ ਸਵੇਰੇ ਕਰੀਬ 6.40 ਵਜੇ 10 ਕਿਲੋਮੀਟਰ ਦੂਰ ਪਿੰਡ ਬੀਜਾ ਦੇ ਚੌਕ ਵਿੱਚ ਬੱਸ ਅਤੇ ਟਿੱਪਰ ਦੀ ਟੱਕਰ ਹੋ ਗਈ। ਇਸ ਕਾਰਨ ਮਿੰਨੀ ਬੱਸ ਸਵਾਰ 25 ਸਵਾਰੀਆਂ ਵਿੱਚੋਂ 19 ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ। ਅੱਜ ਤੜਕੇ ਜਦੋਂ ਕੌਰ ਸੈਨ ਧਾਗਾ ਫੈਕਟਰੀ ਦੀ ਮਿੰਨੀ ਬੱਸ ਨੰਬਰ ਪੀਬੀ 10 ਡੀਏ-2172 ਖੰਨਾ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਫੈਕਟਰੀ ਦੇ ਵਰਕਰਾਂ ਨੂੰ ਲੈ ਕੇ ਫੈਕਟਰੀ ਵੱਲ ਜਾ ਰਹੀ ਸੀ ਤਾਂ ਬੀਜਾ ਚੌਕ ਨੇੜੇ ਸਮਰਾਲਾ ਰੋਡ ਤੋਂ ਆ ਰਹੇ ਟਿੱਪਰ ਨੰਬਰ ਪੀਬੀ 13 ਬੀਐੱਫ-1245 ਨਾਲ ਟਕਰਾਅ ਗਈ। ਟੱਕਰ ਉਪਰੰਤ ਬੱਸ ਸੜਕ ’ਤੇ ਪਲਟ ਗਈ। ਇਸ ਦੌਰਾਨ ਉੱਥੇ ਕਈ ਰਾਹਗੀਰਾਂ ਅਤੇ ਮੌਕੇ ’ਤੇ ਪੁੱਜੀ ਪੁਲੀਸ ਨੇ ਤੁਰੰਤ ਬੱਸ ਦੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਕਰੇਨ ਦੀ ਮਦਦ ਨਾਲ ਬੱਸ ਨੂੰ ਸਿੱਧਾ ਕੀਤਾ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਖੰਨਾ ਅਤੇ ਪ੍ਰਾਈਵੇਟ ਹਸਪਤਾਲ ਵਿਚ ਐਬੂਲੈਂਸ ਰਾਹੀਂ ਪਹੁੰਚਾਇਆ ਗਿਆ। ਹਾਦਸੇ ਉਪਰੰਤ ਟਿੱਪਰ ਡਰਾਈਵਰ ਮੌਕੇ ’ਤੇ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਇਸ ਘਟਨਾ ਵਿੱਚ ਮਨਜੀਤ ਕੌਰ ਵਾਸੀ ਪਿੰਡ ਭੱਦਲਥੂਹਾ, ਵੀਨਾ ਦੇਵੀ ਖੰਨਾ ਅਤੇ ਬੱਸ ਡਰਾਈਵਰ ਅਜੀਤ ਸਿੰਘ ਗੰਭੀਰ ਜ਼ਖ਼ਮੀ ਹਨ, ਜੋ ਜ਼ੇਰੇ ਇਲਾਜ ਹਨ। ਬਾਕੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਪੁਲੀਸ ਚੌਕੀ ਕੋਟਾਂ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਕੇਸ ਦਰਜ ਕਰਕੇ ਅਗਲੀ ਪੜਤਾਲ ਆਰੰਭ ਦਿੱਤੀ ਗਈ ਹੈ।
ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਮੌਤ
ਕੋਟਕਪੂਰਾ (ਪੱਤਰ ਪ੍ਰੇਰਕ): ਇੱਥੇ ਫਰੀਦਕੋਟ-ਬਠਿੰਡਾ ਹਾਈਵੇਅ ’ਤੇ ਕੋਟਕਪੂਰਾ ਨੇੜੇ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਐਕਟਿਵਾ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਬੱਗੇਆਨਾ ਵਾਸੀ ਟਹਿਲ ਸਿੰਘ (ਪਾਵਰਕੌਮ ਦੇ ਸੇਵਾਮੁਕਤ ਕਰਮਚਾਰੀ) ਅਤੇ ਕਰਮਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਪੇ ਐਕਟਿਵਾ ’ਤੇ ਕੋਟਕਪੂਰਾ ਵਿੱਚ ਦਵਾਈ ਲੈਣ ਜਾ ਰਹੇ ਸਨ। ਬਾਅਦ ਦੁਪਹਿਰ 3 ਵਜੇ ਦੇ ਕਰੀਬ ਜਦੋਂ ਉਹ ਪਿੰਡ ਵਾਲੇ ਪਾਸਿਉਂ ਦੇਵੀਵਾਲਾ ਤੋਂ ਕੋਟਕਪੂਰਾ ਸ਼ਹਿਰ ਲਈ ਹਾਈਵੇਅ ਨੰ. 54 ਪਾਰ ਕਰਨ ਲਈ ਖੜ੍ਹੇ ਸਨ ਤਾਂ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ ਕੋਟਕਪੂਰਾ ਦੇ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਗੁਰਕੀਰਤ ਸਿੰਘ ਵਾਸੀ ਪਿੰਡ ਕਿੰਗਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।