ਸੰਘਣੀ ਧੁੰਦ ਕਾਰਨ ਮਿੰਨੀ ਬੱਸ ਤੇ ਕਾਰ ਦੀ ਟੱਕਰ, ਨੌਜਵਾਨ ਜ਼ਖ਼ਮੀ
Punjab news ਇੱਥੇ ਧਰਮਕੋਟ-ਜੋਗੇਵਾਲਾ ਮੁੱਖ ਸੜਕ ਉੱਤੇ ਪਿੰਡ ਬਾਜੇਕੇ ਨਜ਼ਦੀਕ ਅੱਜ ਤੜਕਸਾਰ ਸੰਘਣੀ ਧੁੰਦ ਕਾਰਨ ਮਿੰਨੀ ਬੱਸ ਅਤੇ ਕਾਰ ਵਿਚਾਲੇ ਆਹਮੋ ਸਾਹਮਣੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਬੱਸ ਵਿੱਚ ਸਵਾਰ ਕੁਝ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਤੜਕਸਾਰ ਇੱਕ ਮਿੰਨੀ ਬੱਸ ਸਵਾਰੀਆਂ ਲੈ ਕੇ ਧਰਮਕੋਟ ਤੋਂ ਫਤਿਹਗੜ੍ਹ ਪੰਜਤੂਰ ਵੱਲ ਜਾ ਰਹੀ ਸੀ। ਦੂਸਰੇ ਪਾਸੇ ਤੋਂ ਇੱਕ ਕਾਰ ਪਿੰਡ ਢੋਲੇਵਾਲਾ ਨੂੰ ਜਾ ਰਹੀ ਸੀ ਜਦੋਂ ਦੋਨੇ ਵਾਹਨ ਪਿੰਡ ਬਾਜੇਕੇ ਨੇੜੇ ਪੁੱਜੇ ਤਾਂ ਸੰਘਣੀ ਧੁੰਦ ਕਾਰਨ ਆਪਸ ਵਿੱਚ ਟਕਰਾ ਗਏ। ਹਾਦਸੇ ਵਿਚ ਕਾਰ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਦੇ ਮੂੰਹ ਤੇ ਜਬਾੜੇ ਉੱਪਰ ਸੱਟ ਲੱਗੀ ਹੈ।
ਹਾਦਸੇ ਵਾਲੀ ਥਾਂ ਨੇੜੇ ਕਣਕ ਦੇ ਖੇਤ ਨੂੰ ਪਾਣੀ ਲਗਾ ਰਹੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਜ਼ਿਆਦਾ ਸੀ। ਬਰਾਬਰ ਜਾ ਰਹੀਆਂ ਦੋ ਬੱਸਾਂ ਜਿਸ ਵਿੱਚ ਇੱਕ ਸਕੂਲੀ ਬੱਸ ਨੂੰ ਪਾਸ ਕਰਕੇ ਜਦੋਂ ਕਾਰ ਅੱਗੇ ਵਧੀ ਤਾਂ ਸੰਘਣੀ ਧੁੰਦ ਕਾਰਨ ਦੂਸਰੀ ਸਵਾਰੀ ਬੱਸ ਨਜ਼ਰ ਨਹੀਂ ਆਈ। ਕਾਰ ਨੂੰ ਪਿੰਡ ਢੋਲੇਵਾਲਾ ਦਾ ਨੌਜਵਾਨ ਬੰਟੀ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ 108 ਨੰਬਰ ਉੱਤੇ ਐਂਬੂਲੈਂਸ ਨੂੰ ਜਾਣਕਾਰੀ ਦਿੱਤੀ ਹੈ ਜਿਸ ਰਾਹੀਂ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
