ਮਿੰਨੀ ਟਰੱਕ ਨੂੰ ਅੱਗ ਲੱਗੀ, ਡਰਾਈਵਰ ਜਿਊਂਦਾ ਸੜਿਆ
ਇਥੇ ਭਾਈਬਾਲਾ ਚੌਕ ਨੇੜੇ ਫਲਾਈਓਵਰ ’ਤੇ ਸ਼ੁੱਕਰਵਾਰ ਰਾਤ ਨੂੰ ਮਿੰਨੀ ਟਰੱਕ ਡਿਵਾਈਡਰ ਨਾਲ ਟਕਰਾ ਗਿਆ ਅਤੇ ਜ਼ੋਰਦਾਰ ਧਮਾਕੇ ਨਾਲ ਇਸ ਨੂੰ ਅੱਗ ਲੱਗ ਗਈ। ਡਰਾਈਵਰ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਚਾਲਕ ਵਾਲੇ ਪਾਸੇ ਨੂੰ ਭਾਰੀ ਨੁਕਸਾਨ ਹੋਣ ਕਾਰਨ ਉਹ ਕੈਬਿਨ ਵਿੱਚ ਫਸ ਗਿਆ ਅਤੇ ਜਿਊਂਦਾ ਸੜ ਗਿਆ।
ਮ੍ਰਿਤਕ ਡਰਾਈਵਰ ਦੀ ਪਛਾਣ ਭੂਸ਼ਣ ਕੁਮਾਰ (40) ਵਜੋਂ ਹੋਈ ਹੈ, ਜੋ ਕਿ ਜੰਮੂ ਦਾ ਰਹਿਣ ਵਾਲਾ ਹੈ। ਉਹ ਚਾਰ ਦਿਨ ਪਹਿਲਾਂ ਹੀ ਜੰਮੂ ਤੋਂ ਲੁਧਿਆਣਾ ਆਇਆ ਸੀ। ਉਸ ਨੇ ਟਰਾਂਸਪੋਰਟ ਨਗਰ ਤੋਂ ਟਰੱਕ ਵਿੱਚ ਦਵਾਈਆਂ, ਗਰਮ ਕੱਪੜੇ ਅਤੇ ਹੋਰ ਸਮਾਨ ਲੱਦਿਆ ਸੀ ਅਤੇ ਡਲਿਵਰੀ ਲਈ ਰਵਾਨਾ ਹੋਇਆ ਸੀ।
ਮੁੱਢਲੀ ਜਾਂਚ ਮੁਤਾਬਕ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਾਰਨ ਟਰੱਕ ਕੰਟਰੋਲ ਗੁਆ ਬੈਠਾ ਅਤੇ ਡਿਵਾਈਡਰ ਨਾਲ ਟਕਰਾ ਗਿਆ। ਇਸ ਕਾਰਨ ਵਾਹਨ ਦਾ ਸੀਐੱਨਜੀ ਟੈਂਕ ਫਟ ਗਿਆ ਅਤੇ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਦੋ ਫਾਇਰ ਇੰਜਣਾਂ ਨੂੰ ਮੌਕੇ ’ਤੇ ਭੇਜਿਆ ਗਿਆ।
ਜਾਣਕਾਰੀ ਅਨੁਸਾਰ ਮਿੰਨੀ ਟਰੱਕ ਭਾਰਤ ਨਗਰ ਚੌਕ ਤੋਂ ਐਮਬੀਡੀ ਮਾਲ ਵੱਲ ਫਲਾਈਓਵਰ ’ਤੇ ਜਾ ਰਿਹਾ ਸੀ। ਅਚਾਨਕ, ਇੱਕ ਡਿਵਾਈਡਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਧਮਾਕੇ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ। ਇਹ ਘਟਨਾ ਰਾਤ 10:15 ਵਜੇ ਵਾਪਰੀ ਅਤੇ ਜਾਂਚ ਕੀਤੀ ਜਾ ਰਹੀ ਹੈ। ਫਾਇਰ ਅਫਸਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ।
