ਪੰਚਾਇਤਾਂ ਦੇ ਦਬਾਅ ਮਗਰੋਂ ਆਪਣੇ ਸੂਬਿਆਂ ਨੂੰ ਪਰਤਣ ਲੱਗੇ ਪਰਵਾਸੀ
ਬੀਤੇ ਦਿਨੀਂ ਸ਼ਹਿਰ ’ਚ ਇਕ ਪਰਵਾਸੀ ਵਲੋਂ ਪੰਜ ਸਾਲਾ ਬੱਚੇ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਜੋ ਰੋਹ ਪੈਦਾ ਹੋਇਆ ਹੈ, ਉਸ ਤੋਂ ਡਰੇ ਪਰਵਾਸੀ ਕੰਮਕਾਰ ਛੱਡ ਕੇ ਆਪੋ-ਆਪਣੇ ਸੂਬਿਆਂ ਨੂੰ ਮੁੜ ਰਹੇ ਹਨ। ਜਦੋਂ ਤੋਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਰਵਾਸੀਆਂ ਖ਼ਿਲਾਫ਼ ਮਤੇ ਪਾਏ ਜਾ ਰਹੇ ਹਨ, ਸਥਾਨਕ ਜਥੇਬੰਦੀਆਂ ਵੱਲੋਂ ਪਰਵਾਸੀਆਂ ਨੂੰ ਡਰਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਅਲਟੀਮੇਟਮ ਦਿੱਤੇ ਜਾ ਰਹੇ ਹਨ, ਉਦੋਂ ਤੋਂ ਪਰਵਾਸੀ ਆਪੋ-ਆਪਣੇ ਸੂਬਿਆਂ ਨੂੰ ਪਰਤਣ ਲੱਗੇ ਹਨ। ਵਪਾਰੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਦਿਹਾੜੀਦਾਰ ਕੰਮ ਛੱਡ ਰਹੇ ਹਨ, ਜਿਸ ਕਾਰਨ ਧੰਦੇ ’ਤੇ ਅਸਰ ਪੈ ਰਿਹਾ ਹੈ। ਅਨਾਜ ਮੰਡੀਆਂ ਵਿੱਚ ਵੀ ਪਰਵਾਸੀਆਂ ਦੀ ਆਮਦ ਘਟ ਗਈ ਹੈ। ਪੰਜ ਸਾਲਾ ਬੱਚੇ ਨਾਲ ਹੋਈ ਹੈਵਾਨੀਅਤ ਭਰੀ ਹਰਕਤ ਤੋਂ ਹਰ ਕੋਈ ਦੁਖੀ ਹੈ। ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਤਾਂ ਹੋ ਹੀ ਰਹੀ ਹੈ ਨਾਲ ਹੀ ਪੂਰੀ ਪਰਵਾਸੀ ਬਰਾਦਰੀ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪੰਚਾਇਤਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਬਣਾਏ ਦਬਾਅ ਕਾਰਨ ਅਸਹਿਜਤਾ ਵਾਲਾ ਮਾਹੌਲ ਪੈਦਾ ਹੋਇਆ ਹੈ, ਜਿਸ ਤੋਂ ਜ਼ਿੰਮੀਦਾਰ ਅਤੇ ਕਾਰੋਬਾਰੀ ਆਪੋ-ਆਪਣੇ ਕਿੱਤੇ ਨੂੰ ਲੈ ਕੇ ਚਿੰਤਤ ਹੋ ਗਏ ਹਨ।
ਪੰਜਾਬ ਵਿੱਚ ਭੇਦਭਾਵ ਨਹੀਂ ਹੋਵੇਗਾ: ਮੁੱਖ ਮੰਤਰੀ
ਕਾਰੋਬਾਰੀਆਂ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪਰਵਾਸੀਆਂ ਖਿਲਾਫ਼ ਜੋ ਬੇਭਰੋਸਗੀ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਸ ਨੂੰ ਠੱਲ ਪਾਈ ਜਾਵੇ, ਨਹੀਂ ਤਾਂ ਉਦਯੋਗ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਮੁੱਖ ਮੰਤਰੀ ਨੇ ਵੀ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਬਰਾਦਰੀ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ।